ਵੈਲਿੰਗਟਨ, 18 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਅੱਜ 4 ਵਜੇ ਕੀਤੀ ਪ੍ਰੈੱਸ ਕਾਨਫ਼ਰੰਸ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਕੈਬਨਿਟ ਨੇ ਮੀਟਿੰਗ ਕਰਕੇ ਫ਼ੈਸਲਾ ਕੀਤਾ ਹੈ ਕਿ, ‘ਆਕਲੈਂਡ ਨੂੰ ਮੌਜੂਦਾ ਪਾਬੰਦੀਆਂ ਦੇ ਨਾਲ ਅਲਰਟ ਲੈਵਲ 3 ‘ਤੇ ਦੋ ਹਫ਼ਤਿਆਂ ਲਈ ਹੋਰ ਅੱਗੇ ਵਧਾਇਆ ਜਾਂਦਾ ਹੈ’। ਜਦੋਂ ਕਿ ਉਨ੍ਹਾਂ ਕਿਹਾ ਕਿ ਆਕਲੈਂਡ ਵਿੱਚ ਇੰਨਡੋਰ (ਅੰਦਰ) ਇਕੱਠਾਂ ਦੀ ਆਗਿਆ ਨਹੀਂ ਹੈ, ਕਿਰਪਾ ਕਰਕੇ ਆਕਲੈਂਡ ਵਿੱਚ ਆਪਣੇ ਘਰੇਲੂ ਬੱਬਲ ਨਾਲ ਜੁੜੇ ਰਹੋ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਨੌਰਥਲੈਂਡ ਕੱਲ੍ਹ ਮੰਗਲਵਾਰ ਰਾਤ 11.59 ਵਜੇ ਤੋਂ ਅਲਰਟ ਲੈਵਲ 2 ‘ਤੇ ਜਾਵੇਗਾ ਅਤੇ ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ 2 ‘ਤੇ ਰਹੇਗਾ।
ਉਨ੍ਹਾਂ ਕਿਹਾ ਵਾਇਕਾਟੋ ਅਲਰਟ ਲੈਵਲ 3 ‘ਤੇ ਹੀ ਪਾਬੰਦੀਆਂ ਦੇ ਨਾਲ ਰਹੇਗਾ ਅਤੇ 22 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਇਸ ਦੀ ਸਮੀਖਿਆ ਕੀਤੀ ਜਾਏਗੀ। ਕਿਉਂਕਿ ਕਿ ਵਾਇਕਾਟੋ ਵਿੱਚ ਕੇਸ ਵਿਆਪਕ ਤੌਰ ‘ਤੇ ਜੁੜੇ ਹੋਏ ਹਨ ਪਰ ਉਨ੍ਹਾਂ ਨੇ ਕਿਹਾ ਕਿ ਹੋਰ ਕੇਸਾਂ ਅਤੇ ਗੰਦੇ ਪਾਣੀ ਦੀ ਜਾਂਚ ਦੱਸਦੀ ਹੈ ਕਿ ਇਸ ਨੂੰ ਫ਼ਿਲਹਾਲ ਲੈਵਲ 3 ‘ਤੇ ਹੀ ਰੱਖਿਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ 22 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਇੱਕ ਨਵਾਂ ਕੋਵਿਡ -19 ਸੁਰੱਖਿਆ ਢਾਂਚਾ ਤਿਆਰ ਕੀਤਾ ਜਾਏਗਾ। ਜਿਸ ਵਿੱਚ ਹਾਈ ਟੀਕਾਕਰਣ ਦਾ ਟੀਚਾ ਸ਼ਾਮਿਲ ਹੋਵੇਗਾ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਹਾਲ ਦੇ ਹਫ਼ਤਿਆਂ ਵਿੱਚ ਜ਼ਿਆਦਾਤਰ ਟੀਕੇ ਵਾਕ-ਇੰਨ ਆਉਣ ਵਾਲਿਆਂ ਨੂੰ ਲਗਾਏ ਗਏ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਆਕਲੈਂਡ ਦੇ 80-85% ਲੋਕਾਂ ਨੂੰ ਅਗਲੇ ਕੁੱਝ ਹਫ਼ਤਿਆਂ ਵਿੱਚ ਟੀਕੇ ਦੀਆਂ ਦੋ ਖ਼ੁਰਾਕਾਂ ਮਿਲਣਗੀਆਂ। ਉਨ੍ਹਾਂ ਨੇ ਕਿਹਾ ਕਿ ਆਕਲੈਂਡਰਸ ਦੇ 90% ਨੂੰ ਤਿੰਨ ਤੋਂ ਚਾਰ ਹਫ਼ਤਿਆਂ ਵਿੱਚ ਦੋਵੇਂ ਖ਼ੁਰਾਕਾਂ ਮਿਲਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਸਾਨੂੰ ਮਾਓਰੀਆਂ ਲਈ ਟੀਕਾਕਰਣ ਦੀਆਂ ਦਰਾਂ ਨੂੰ ਵਧਾਉਣ ਲਈ ਮੌਜੂਦ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਇਸ ਦੇ ਲਈ ਹਰ ਕੋਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਟੀਕਾਕਰਣ ਮੁਹਿੰਮ ਲਈ ਫ਼ੰਡ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਸਾਨੂੰ ਸਿਰਫ਼ ਇਹ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ ਕਿ ਸਰੋਤ ਸਹੀ ਜਗ੍ਹਾ ‘ਤੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਟੀਕਾਕਰਣ ਪ੍ਰੋਗਰਾਮ ਵਿੱਚ ਅੰਤਰ ਹੈ, ਉਨ੍ਹਾਂ ਨੂੰ ਬਦਲਣ ਦੀ ਜ਼ਰੂਰਤ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਆਕਲੈਂਡ ਅਗਲੇ ਦੋ ਹਫ਼ਤਿਆਂ ਲਈ ਮੌਜੂਦਾ ਪਾਬੰਦੀਆਂ ਦੇ...