ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 92 ਨਵੇਂ ਕੇਸ ਆਏ, ਟ੍ਰੈਫ਼ਿਕ ਲਾਈਟ ਦੇ ਪਹਿਲੇ ਦਿਨ 87% ਆਬਾਦੀ ਪੂਰੀ ਤਰ੍ਹਾਂ ਵੈਕਸੀਨੇਟਿਡ

ਵੈਲਿੰਗਟਨ, 3 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 92 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਨਿਊਜ਼ੀਲੈਂਡ ਵਿੱਚ ਆਖ਼ਰੀ ਵਾਰ 100 ਤੋਂ ਘੱਟ ਕਮਿਊਨਿਟੀ ਕੇਸ 28 ਅਕਤੂਬਰ ਨੂੰ ਦਰਜ ਕੀਤੇ ਗਏ ਸਨ ਜਦੋਂ 89 ਕੇਸ ਆਏ ਸਨ। ਗੌਰਤਲਬ ਹੈ ਕਿ ਦੇਸ਼ ਦੇ ਟ੍ਰੈਫ਼ਿਕ ਲਾਈਟ ਸਿਸਟਮ ਵਿੱਚ ਦਾਖਲ ਹੋਣ ਦੇ ਪਹਿਲੇ ਦਿਨ ਦੇਸ਼ ਦੀ ਪੂਰੀ ਆਬਾਦੀ 87% ਵੈਕਸੀਨੇਟਿਡ ਹੋ ਗਈ ਹੈ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਅਤੇ ਪਬਲਿਕ ਹੈਲਥ ਦੇ ਡਾਇਰੈਕਟਰ ਡਾਕਟਰ ਕੈਰੋਲਿਨ ਮੈਕਲਨੇ ਨੇ ਸ਼ੁੱਕਰਵਾਰ ਦੁਪਹਿਰ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਅੱਪਡੇਟ ਦਿੱਤੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 92 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 80 ਕੇਸ, 5 ਕੇਸ ਬੇਅ ਆਫ਼ ਪਲੈਂਟੀ, 2 ਕੇਸ ਵਾਇਕਾਟੋ, 2 ਕੇਸ ਤਾਰਾਨਾਕੀ, 1 ਕੇਸ ਨੌਰਥਲੈਂਡ, 2 ਕੇਸ ਲੇਕ ਡੀਐੱਚਬੀ ਅਤੇ 1 ਕੇਸ ਨੈਲਸਨ-ਤਸਮਾਨ ਵਿੱਚ ਹੈ। ਸ਼ੁੱਕਰਵਾਰ ਦੇ ਨਵੇਂ ਮਾਮਲਿਆਂ ਵਿੱਚੋਂ 46 ਮਹਾਂਮਾਰੀ ਵਿਗਿਆਨਿਕ ਤੌਰ ‘ਤੇ ਮੌਜੂਦਾ ਕੇਸ ਨਾਲ ਜੁੜੇ ਹੋਏ ਹਨ ਅਤੇ 46 ਅਣਲਿੰਕ ਰਹੇ ਹਨ। ਪਿਛਲੇ 14 ਦਿਨਾਂ ਵਿੱਚ 888 ਅਣਲਿੰਕ ਮਾਮਲੇ ਸਾਹਮਣੇ ਆਏ ਹਨ।
ਅੱਜ ਦੇ ਨਵੇਂ 92 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 8,836 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 79 ਮਰੀਜ਼ ਹਨ ਅਤੇ ਇਨ੍ਹਾਂ ਵਿੱਚੋਂ 9 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹੁਣ ਕੋਵਿਡ ਨਾਲ ਪੀੜਤ 936 ਲੋਕ ਆਪਣੇ ਘਰਾਂ ਵਿੱਚ ਆਈਸੋਲੇਸ਼ਨ ਵਿੱਚ ਹਨ।
ਡਬਲ ਟੀਕਾਕਰਣ ਵਾਲੇ ਲਗਭਗ 90% ਕੀਵੀਆਂ ਕੋਲ ਉਨ੍ਹਾਂ ਦੇ ‘ਮਾਈ ਵੈਕਸੀਨ’ ਪਾਸ ਹਨ। ਅੱਜ ਤੱਕ 3.25 ਮਿਲੀਅਨ ਪਾਸ ਡਾਊਨਲੋਡ ਕੀਤੇ ਜਾ ਚੁੱਕੇ ਹਨ। ਸਰਕਾਰ ਨੇ ਉਨ੍ਹਾਂ ਲੋਕਾਂ ਨੂੰ 54,500 ਅਸਥਾਈ ਛੋਟ (Temporary Exemption) ਵਾਲੀਆਂ ਈਮੇਲਾਂ ਵੀ ਭੇਜੀਆਂ ਸਨ ਜਿਨ੍ਹਾਂ ਨੂੰ ਆਪਣੇ ਪਾਸ ਡਾਊਨਲੋਡ ਕਰਨ ਵਿੱਚ ਮੁਸ਼ਕਲ ਆਈ ਸੀ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਰਾਸ਼ਟਰ ਉੱਚ ਟੀਕਾਕਰਣ ਦਰਾਂ ਦੇ ਨਾਲ ਨਵੀਂ ਟ੍ਰੈਫ਼ਿਕ ਲਾਈਟ ਪ੍ਰਣਾਲੀ ਵਿੱਚ ਅੱਗੇ ਵਧ ਰਿਹਾ ਹੈ, 93% ਯੋਗ ਲੋਕਾਂ ਨੇ ਇੱਕ ਟੀਕਾ ਲਗਵਾ ਲਿਆ ਹੈ ਅਤੇ 87% ਨੇ ਦੋਵੇਂ ਟੀਕੇ ਲਗਵਾ ਲਏ ਹਨ।
ਪਿਛਲੇ 24 ਘੰਟਿਆਂ ਵਿੱਚ 31,780 ਟੈੱਸਟ ਕੀਤੇ ਗਏ ਹਨ, ਜਿਸ ਵਿੱਚ ਆਕਲੈਂਡ ਦੇ 13,469 ਟੈੱਸਟ ਸ਼ਾਮਿਲ ਹਨ।