ਵੈਲਿੰਗਟਨ, 10 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 95 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ 2 ਮਰੀਜ਼ਾਂ ਦੀ ਹਸਪਤਾਲ ਵਿੱਚ ਮੌਤਾਂ ਹੋ ਗਈ ਹੈ। ਜਿਸ ਨਾਲ ਦੇਸ਼ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਕੇ 46 ਹੋ ਗਈ ਹੈ। ਸਿਹਤ ਮੰਤਰਾਲੇ ਤੋਂ ਅੱਜ ਦਾ ਅੱਪਡੇਟ ਉਦੋਂ ਆਇਆ ਹੈ ਜਦੋਂ ਨਿਊਜ਼ੀਲੈਂਡ ਟ੍ਰੈਫ਼ਿਕ ਲਾਈਟ ਸਿਸਟਮ ਵਿੱਚ ਇੱਕ ਹਫ਼ਤਾ ਪੂਰਾ ਕੀਤਾ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਮਿਡਲਮੋਰ ਹਸਪਤਾਲ ਵਿੱਚ ਰਾਤ ਇੱਕ ਵਿਅਕਤੀ ਦੀ ਮੌਤ ਹੋ ਗਈ। ਪਰਿਵਾਰ ਨੇ ਬੇਨਤੀ ਕੀਤੀ ਸੀ ਕਿ ਇਸ ਵਿਅਕਤੀ ਬਾਰੇ ਜਨਤਕ ਤੌਰ ‘ਤੇ ਕੋਈ ਜਾਣਕਾਰੀ ਨਾ ਦਿੱਤੀ ਜਾਵੇ, ਇਸ ਲਈ ਮੰਤਰਾਲੇ ਨੇ ਸਨਮਾਨ ਦੇ ਤੌਰ ‘ਤੇ ਕੋਈ ਹੋਰ ਵੇਰਵੇ ਨਹੀਂ ਦਿੱਤੇ। ਦੂਜੇ ਮਰੀਜ਼ ਦੀ ਵੀ ਰਾਤ ਮੌਤ ਹੋ ਗਈ ਸੀ, ਜਿਸ ਨੂੰ ਕੋਵਿਡ ਦੀ ਲਾਗ ਕਾਰਨ ਆਕਲੈਂਡ ਸਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕੇਸ ਕੋਰੋਨਰ ਨੂੰ ਭੇਜ ਦਿੱਤਾ ਗਿਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 95 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 75 ਕੇਸ, 11 ਕੇਸ ਵਾਇਕਾਟੋ ‘ਚ, 5 ਕੇਸ ਬੇਅ ਆਫ਼ ਪਲੇਨਟੀ ‘ਚ, 2 ਕੇਸ ਕੈਂਟਰਬਰੀ ‘ਚ (ਇੱਕ ਕੈਂਟਰਬਰੀ ਕੇਸ ਸਮੇਤ ਜੋ ਵੀਰਵਾਰ ਨੂੰ ਜਨਤਕ ਕੀਤਾ ਗਿਆ ਸੀ), 1 ਕੇਸ ਨੈਲਸਨ-ਤਸਮਾਨ ‘ਚ ਅਤੇ 1 ਕੇਸ ਲੇਕਸ ‘ਚ ਹੈ।
ਅੱਜ ਦੇ ਨਵੇਂ 95 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 9,557 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 56 ਮਰੀਜ਼ ਹਨ, ਇਨ੍ਹਾਂ ਵਿੱਚੋਂ 13 ਨੌਰਥ ਸ਼ੋਰ ਵਿਖੇ, 16 ਆਕਲੈਂਡ ਸਿਟੀ ਵਿਖੇ ਅਤੇ 24 ਮਿਡਲਮੋਰ ਵਿਖੇ ਹਨ। 1 ਮਰੀਜ਼ ਵਾਇਕਾਟੋ ‘ਚ, 1 ਟੌਰੰਗਾ ‘ਚ ਅਤੇ 1 ਨੈਲਸਨ-ਮਾਰਲਬਰੋ ‘ਚ ਹਸਪਤਾਲ ਵਿੱਚ ਹੈ। 4 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ, ਜਿਨ੍ਹਾਂ ‘ਚ 2 ਮਿਡਲਮੋਰ ‘ਚ, 1 ਆਕਲੈਂਡ ਸਿਟੀ ‘ਚ ਅਤੇ 1 ਨੌਰਥ ਸ਼ੋਰ ਹਸਪਤਾਲ ਵਿੱਚ ਹੈ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 51 ਸਾਲ ਹੈ।
ਪੂਰੇ ਆਕਲੈਂਡ ਵਿੱਚ 3,014 ਤੋਂ ਵੱਧ ਲੋਕ ਘਰਾਂ ਵਿੱਚ ਆਈਸੋਲੇਟ ਹਨ, ਜਿਨ੍ਹਾਂ ਵਿੱਚ 802 ਕੇਸ ਸ਼ਾਮਲ ਹਨ। ਅੱਜ ਤੱਕ 94% ਯੋਗ ਲੋਕਾਂ ਨੇ ਵੈਕਸੀਨ ਦੀ ਆਪਣੀ ਪਹਿਲੀ ਖ਼ੁਰਾਕ ਲਈ ਹੈ ਅਤੇ 89% ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਹਨ। ਕੱਲ੍ਹ ਲਗਭਗ 21,744 ਲੋਕਾਂ ਨੂੰ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ, ਇਸ ਵਿੱਚ 3,374 ਪਹਿਲੀ ਖ਼ੁਰਾਕਾਂ, 9,225 ਦੂਜੀਆਂ ਖ਼ੁਰਾਕਾਂ, 714 ਤੀਜੀ ਪ੍ਰਾਇਮਰੀ ਖ਼ੁਰਾਕਾਂ ਅਤੇ 8,431 ਬੂਸਟਰ ਸ਼ਾਟਸ ਸ਼ਾਮਲ ਹਨ।
ਪਿਛਲੇ 24 ਘੰਟਿਆਂ ਵਿੱਚ 27,577 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 12,521 ਆਕਲੈਂਡ ਵਿੱਚ ਟੈੱਸਟ ਕੀਤੇ ਗਏ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 95 ਨਵੇਂ ਕੇਸ...