ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 91 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 16 ਦਸੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 91 ਹੋਰ ਨਵੇਂ ਕੇਸ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 91 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 55 ਕੇਸ, 16 ਕੇਸ ਤਾਰਾਨਾਕੀ ‘ਚ, 10 ਕੇਸ ਬੇਅ ਆਫ਼ ਪਲੇਨਟੀ ‘ਚ, 7 ਕੇਸ ਵਾਇਕਾਟੋ ‘ਚ, 2 ਕੇਸ ਨੌਰਥਲੈਂਡ ਅਤੇ 1 ਕੇਸ ਲੇਕਸ ਡਿਸਟ੍ਰਿਕਟ ਵਿੱਚ ਹੈ।
ਮੰਤਰਾਲੇ ਨੇ ਦੱਸਿਆ ਕਿ ਤਾਰਾਨਾਕੀ ਦੇ ਸਾਰੇ ਕੇਸ ਐਲਥਮ ਵਿੱਚ ਸਨ, ਇਨ੍ਹਾਂ ਵਿੱਚੋਂ 15 ਕੱਲ੍ਹ ਐਲਾਨ ਕੀਤੇ ਗਏ ਸਨ ਅਤੇ ਅੱਜ ਅਧਿਕਾਰਤ ਤੌਰ ‘ਤੇ ਕੇਸਾਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਨੌਰਥਲੈਂਡ ਦੇ ਕੇਸ ਰੁਕਾਕਾ ਵਿੱਚ ਸਨ। ਜਦੋਂ ਕਿ ਵਾਇਕਾਟੋ ਦੇ ਕੇਸਾਂ ਵਿੱਚੋਂ ਹੈਮਿਲਟਨ ਵਿੱਚ 5 ਨਵੇਂ ਕੇਸ ਹਨ, ਟੀ ਕੁਈਟੀ ਵਿੱਚ 1 ਅਤੇ ਵਾਈਹੀ ਵਿੱਚ 1 ਕੇਸ ਦਰਜ ਕੀਤਾ ਜਾਏਗਾ।
ਅੱਜ ਦੇ ਨਵੇਂ 91 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 10,062 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 58 ਮਰੀਜ਼ ਹਨ, ਇਨ੍ਹਾਂ ਵਿੱਚੋਂ 9 ਨੌਰਥ ਸ਼ੋਰ ਵਿਖੇ, 27 ਆਕਲੈਂਡ ਸਿਟੀ ਵਿਖੇ, 17 ਮਿਡਲਮੋਰ ਵਿਖੇ, 2 ਮਰੀਜ਼ ਵਾਇਕਾਟੋ ‘ਚ, 2 ਟੌਰੰਗਾ ‘ਚ ਅਤੇ 1 ਮਰੀਜ਼ ਕ੍ਰਾਈਸਟਚਰਚ ਹਸਪਤਾਲ ਵਿੱਚ ਹੈ। 4 ਕੇਸ ਸਖ਼ਤ ਇੰਟੈਂਸਿਵ ਕੇਅਰ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਔਸਤ ਉਮਰ 50 ਸਾਲ ਹੈ।
5 ਤੋਂ 11 ਸਾਲਾਂ ਦੀ ਉਮਰ ਦੇ ਬੱਚਿਆਂ ਲਈ ਜੈਬਾਂ ਨੂੰ ਹਰੀ ਝੰਡੀ ਮਿਲੀ
Medsafe ਨੇ ਹੁਣੇ ਹੀ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਕੋਵਿਡ -19 ਵੈਕਸੀਨ ਦੇ ਲਈ ਆਰਜ਼ੀ ਮਨਜ਼ੂਰੀ ਦਿੱਤੀ ਹੈ। ਮੇਡਸੇਫ਼ ਗਰੁੱਪ ਮੈਨੇਜਰ ਕ੍ਰਿਸ ਜੇਮਸ ਨੇ ਕਿਹਾ ਕਿ ਇਸ ਉਮਰ ਵਰਗ ਲਈ ਫਾਈਜ਼ਰ ਕੋਵਿਡ -19 ਵੈਕਸੀਨ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵਰਤੀ ਜਾਂਦੀ ਵੈਕਸੀਨ ਦਾ ਅਨੁਕੂਲਿਤ ਰੂਪ ਹੈ। ਆਰਜ਼ੀ ਮਨਜ਼ੂਰੀ ਪੀਡਿਯਾਟ੍ਰਿਕ ਫਾਈਜ਼ਰ ਕੋਵਿਡ -19 ਵੈਕਸੀਨ ਦੀਆਂ ਦੋ ਖ਼ੁਰਾਕਾਂ ਦੇ ਲਈ ਹੈ, ਜੋ ਘੱਟੋ-ਘੱਟ 21 ਦਿਨਾਂ ਦੇ ਫ਼ਾਸਲੇ ‘ਚ ਦਿੱਤੀ ਜਾ ਸਕਦੀ ਹੈ।