ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 15 ਹੋਰ ਨਵੇਂ ਕੇਸ ਆਏ

ਵੈਲਿੰਗਟਨ, 14 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 15 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਅੱਜ ਦੇ ਸਾਰੇ ਨਵੇਂ ਕੇਸਾਂ ਦਾ ਸੰਬੰਧ ਪ੍ਰਕੋਪ ਦੇ ਦੂਜੇ ਕੇਸਾਂ ਨਾਲ ਜੋੜਿਆ ਗਿਆ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਪ੍ਰਕੋਪ ਦੇ ਦੌਰਾਨ ਅਣਲਿੰਕ ਕੀਤੇ ਮਾਮਲਿਆਂ ਦੀ ਗਿਣਤੀ ਘੱਟ ਕੇ 10 ਹੋ ਗਈ ਹੈ, ਇਹ ਇੱਕ ਮਹੱਤਵਪੂਰਣ ਅੰਕੜਾ ਹੈ ਜੋ ਸਿਹਤ ਅਧਿਕਾਰੀ ਸਰਕਾਰ ਨੂੰ ਅਲਰਟ ਲੈਵਲ ਅਤੇ ਪਾਬੰਦੀਆਂ ਬਾਰੇ ਸਲਾਹ ਦਿੰਦੇ ਸਮੇਂ ਵੇਖਦੇ ਹਨ। ਅੱਜ ਦੇ ਸਾਰੇ 15 ਨਵੇਂ ਕੇਸ ਆਕਲੈਂਡ ਵਿੱਚੋਂ ਹੀ ਹਨ ਅਤੇ ਇਨ੍ਹਾਂ ਵਿੱਚੋਂ 5 ਜਾਣੇ-ਪਛਾਣੇ ਘਰਾਂ ਦੇ ਘਰੇਲੂ ਸੰਪਰਕ ਹਨ, ਜਿਨ੍ਹਾਂ ਵਿੱਚੋਂ ਬਹੁਤੇ ਤਿੰਨ ਘਰਾਂ ਨਾਲ ਜੁੜੇ ਹੋਏ ਹਨ।
ਡਾ. ਬਲੂਮਫੀਲਡ ਨੇ ਕਿਹਾ ਕਿ ਇਨ੍ਹਾਂ ਨਵੇਂ ਮਾਮਲਿਆਂ ਦੀ ਉਮੀਦ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਜ ਦੇ ਇਨ੍ਹਾਂ 15 ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 970 ਤੱਕ ਹੋ ਗਈ ਹੈ। ਜਦੋਂ ਕਿ 394 ਕੇਸ ਰਿਕਵਰ ਹੋਏ ਹਨ। ਹਸਪਤਾਲ ਵਿੱਚ 22 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਵੈਂਟੀਲੇਟਰ ‘ਤੇ ਹਨ।