ਵੈਲਿੰਗਟਨ, 21 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 14 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਅੱਧੀ ਰਾਤ 11.59 ਵਜੇ ਤੋਂ ਆਕਲੈਂਡ ਦੋ ਹਫ਼ਤੇ ਲਈ ਅਲਰਟ ਲੈਵਲ 3 ‘ਤੇ ਜਾਏਗਾ, ਜਿਸ ਨਾਲ ਆਕਲੈਂਡ ਦਾ ਪੰਜ ਹਫ਼ਤਿਆਂ ਦਾ ਅਲਰਟ ਲੈਵਲ 4 ਲੌਕਡਾਉਨ ਖ਼ਤਮ ਹੋ ਜਾਏਗਾ। ਜਦੋਂ ਕਿ ਦੇਸ਼ ਦਾ ਬਾਕੀ ਹਿੱਸਾ ਲੈਵਲ 2 ਵਿੱਚ ਰਹੇਗਾ।
ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ। ਆਕਲੈਂਡ ਦੇ ਲੈਵਲ 3 ‘ਤੇ ਆਉਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕੋਵਿਡ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਜੁਰਮਾਨੇ ਦਾ ਐਲਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ ਉਲੰਘਣਾਵਾਂ ਕਰਨ ਉੱਤੇ ਵੱਧ ਤੋਂ ਵੱਧ ਜੁਰਮਾਨਾ ਇਕੱਲੇ ਵਿਅਕਤੀਆਂ ਲਈ $ 300 ਤੋਂ $ 4000 ਤੱਕ ਵਧੇਗਾ। ਜੇ ਕੋਈ ਅਦਾਲਤ ਵਿਅਕਤੀਆਂ ‘ਤੇ ਜੁਰਮਾਨਾ ਲਗਾਉਂਦੀ ਹੈ, ਤਾਂ ਜੁਰਮਾਨੇ $ 1000 ਤੋਂ $ 12,000 ਤੱਕ ਹੋ ਸਕਦਾ ਹੈ। ਕਾਰੋਬਾਰੀ ਅਦਾਰਿਆਂ ਉੱਤੇ $ 12,000 ਤੱਕ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਘੱਟ ਲੋਕ ਨਿਯਮਾਂ ਨੂੰ ਤੋੜ ਰਹੇ ਸਨ, ਜਿਨ੍ਹਾਂ ਵਿੱਚ ਐਮਆਈਕਿਯੂ ਸਹੂਲਤਾਂ ਤੋਂ ਭੱਜਣ ਵਾਲੇ ਲੋਕ ਸ਼ਾਮਲ ਹਨ।
ਜਦੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੀ ਆਗੂ ਜੂਡਿਥ ਕੋਲਿਨਸ ਨੂੰ ਆਈਸਕ੍ਰੀਮ ਦੀ ਦੁਕਾਨ ਵਿੱਚ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਹਰ ਨਿਊਜ਼ੀਲੈਂਡ ਵਾਸੀ ਦਾ ਫ਼ਰਜ਼ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ, ਖ਼ਾਸ ਕਰਕੇ ਜਨਤਕ ਤੇ ਉੱਚੇ ਅਹੁਦਿਆਂ ‘ਤੇ ਬੈਠਿਆਂ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ।
ਇੱਕ ਆਦਮੀ ਜਿਸ ਨੇ ਕੋਵਿਡ -19 ਲਈ ਸਕਾਰਾਤਮਿਕ ਟੈੱਸਟ ਕੀਤਾ, ਉਸ ਨੇ ਨੌਰਥ ਸ਼ੋਰ ਹਸਪਤਾਲ ਦੇ ਇੱਕ ਵਾਰਡ ਵਿੱਚ ਅੱਧਾ ਘੰਟਾ ਬਿਤਾਇਆ। ਵਾਇਟਮਾਟਾ ਜ਼ਿਲ੍ਹਾ ਸਿਹਤ ਬੋਰਡ ਨੇ ਅੱਜ ਕਿਹਾ ਕਿ ਹੋ ਸਕਦਾ ਹੈ ਕਿ 20 ਲੋਕ ਉਸ ਵਿਅਕਤੀ ਦੇ ਸੰਪਰਕ ਵਿੱਚ ਆਏ ਹੋਣ ਜੋ ਪਿਛਲੇ ਵੀਰਵਾਰ ਹਸਪਤਾਲ ਵਿੱਚ ਸੀ।
ਡਾ. ਬਲੂਮਫੀਲਡ ਦਾ ਕਹਿਣਾ ਹੈ ਕਿ ਅੱਜ ਦੇ ਸਾਰੇ 14 ਨਵੇਂ ਕੇਸਾਂ ਵਿੱਚੋਂ 13 ਨਵੇਂ ਕੇਸ ਆਕਲੈਂਡ ਅਤੇ 1 ਨਵਾਂ ਕੇਸ ਅਪਰ ਹੌਰਾਕੀ (ਵਾਇਕਾਟੋ) ਦਾ ਹੈ। ਉਨ੍ਹਾਂ ਨੇ ਆਕਲੈਂਡ ਦੇ ਕਲੋਵਰ ਪਾਰਕ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟੈੱਸਟ ਕਰਵਾਉਣ, ਭਾਵੇਂ ਉਨ੍ਹਾਂ ਨੂੰ ਲੱਛਣ ਨਾ ਹੋਣ।
ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਇਨ੍ਹਾਂ 14 ਨਵੇਂ ਕੇਸਾਂ ਵਿੱਚੋਂ 1 ਕੇਸ ਅਣਲਿੰਕ ਹੈ। ਅੱਜ ਦੇ ਇਨ੍ਹਾਂ ਨਵੇਂ 14 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 1085 ਤੱਕ ਹੋ ਗਈ ਹੈ। ਹਸਪਤਾਲ ਵਿੱਚ 15 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਹਨ। ਜਦੋਂ ਕਿ ਆਕਲੈਂਡ ਵਿੱਚ 733 ਕੇਸ ਅਤੇ ਵੈਲਿੰਗਟਨ ਦੇ ਸਾਰੇ 17 ਕੇਸ ਰਿਕਵਰ ਹੋ ਗਏ ਹਨ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 14 ਹੋਰ...