ਵੈਲਿੰਗਟਨ, 28 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 8 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਇਹ ਸਾਰੇ ਕੇਸ ਆਕਲੈਂਡ ਦੇ ਹਨ। ਜ਼ਿਕਰਯੋਗ ਹੈ ਕਿ ਨਵੇਂ ਡੈਲਟਾ ਪ੍ਰਕੋਪ ਦੇ 40ਵੇਂ ਦਿਨ ਅੱਜ ਸਭ ਤੋਂ ਘੱਟ ਕੇਸ ਆਏ ਹਨ, ਇਸ ਤੋਂ ਪਹਿਲਾਂ 24 ਸਤੰਬਰ ਨੂੰ ਸਭ ਤੋਂ ਘੱਟ 9 ਕੇਸ ਆਏ ਸਨ। ਅੱਜ ਬਾਰਡਰ ਤੋਂ 5 ਨਵੇਂ ਕੇਸ ਆਏ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ।
ਡਾ. ਬਲੂਮਫੀਲਡ ਨੇ ਕਿਹਾ ਅੱਜ ਦੇ ਨਵੇਂ 8 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1185 ਹੋ ਗਈ ਹੈ। ਇਨ੍ਹਾਂ ਵਿੱਚ 260 ਬੱਚੇ ਪ੍ਰਭਾਵਿਤ ਹਨ, ਜੋ 12 ਸਾਲ ਤੋਂ ਘੱਟ ਉਮਰ ਦੇ ਹਨ। ਹਸਪਤਾਲ ਵਿੱਚ 13 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਸਖ਼ਤ ਦੇਖਭਾਲ (ICU) ਵਿੱਚ ਹਨ।
ਡਾ. ਬਲੂਮਫੀਲਡ ਕਹਿੰਦਾ ਹੈ ਕਿ ਟੌਰੰਗਾ ‘ਚ ਵੇਸਟਵਾਟਰ ਟੈੱਸਟ ਪਾਜ਼ੇਟਿਵ ਆਇਆ ਹੈ। ਲੱਛਣਾਂ ਵਾਲੇ ਵਿਸ਼ਾਲ ਖੇਤਰ ਦੇ ਕਿਸੇ ਵੀ ਵਿਅਕਤੀ ਨੂੰ ਸਾਵਧਾਨੀ ਵਜੋਂ ਟੈੱਸਟ ਕਰਵਾਉਣ ਲਈ ਕਿਹਾ ਗਿਆ ਹੈ, ਟੈਸਟਿੰਗ ਸੈਂਟਰ ਦੇ ਘੰਟੇ ਵਧਾਏ ਜਾ ਰਹੇ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਆਕਲੈਂਡ ਦੇ ਬਾਰਡਰ ‘ਤੇ ਤਬਦੀਲੀਆਂ ਹੋ ਰਹੀਆਂ ਹਨ। ਅੱਜ ਰਾਤ 11.59 ਵਜੇ ਤੋਂ ਲੋਕ ਬਾਰਡਰ ਪਾਰ ਦੇ ਲੈਵਲ 3 ਤੋਂ ਲੈਵਲ 2 ਦੇ ਖੇਤਰਾਂ ਵਿੱਚ ਯਾਤਰਾ ਕਰ ਸਕਣਗੇ, ਜਿਸ ਦੇ ਕੁੱਝ ਨਿਯਮ ਰੱਖੇ ਗਏ ਹਨ, ਜਿਵੇਂ ਜੇ ਉਹ ਪੱਕੇ ਤੌਰ ‘ਤੇ ਘਰ ਬਦਲ ਕੇ ਜਾ ਰਹੇ ਹਨ, ਪਰਚੇਜ਼ ਐਗਰੀਮੈਂਟ, ਜੇ ਉਨ੍ਹਾਂ ਨੇ ਸਾਂਝੇ ਤੌਰ ‘ਤੇ ਬੱਚਿਆਂ ਦੀ ਦੇਖਭਾਲ ਦੇ ਪ੍ਰਬੰਧ ਕਰਨੇ ਹਨ, ਨਵੀਂ ਨੌਕਰੀ ਸ਼ੁਰੂ ਕਰਨ ਜਾ ਰਹੇ ਹਨ, ਟਰਸ਼ਰੀ ਐਜੂਕੇਸ਼ਨ ਰੈਜ਼ੀਡੈਂਸੀ ਅਤੇ ਜੇ ਉਹ ਘਰ ਵਾਪਸ ਪਰਤ ਰਹੇ ਹਨ। ਬਾਰਡਰ ਪਾਰ ਦੀ ਯਾਤਰਾ ਕਰਨ ਦੇ ਚਾਹਵਾਨਾਂ ਨੂੰ ਸਿਹਤ ਮੰਤਰਾਲੇ ਨੂੰ ਰਸਮੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੋਏਗੀ, ਪਰ ਉਨ੍ਹਾਂ ਨੂੰ ਯਾਤਰਾ ਦੇ ਕਾਰਣ ਨੂੰ ਸਾਬਤ ਕਰਨ ਲਈ ਦਸਤਾਵੇਜ਼ ਲੈਣੇ ਪੈਣਗੇ। ਤੁਹਾਨੂੰ 72 ਘੰਟੇ ਵਿੱਚ ਨੈਗੇਟਿਵ ਟੈੱਸਟ ਦੇ ਨਤੀਜੇ ਦੀ ਵੀ ਲੋੜ ਹੈ।
ਆਰਡਰਨ ਨੇ MIQ ਸਿਸਟਮ ਬਾਰੇ ਖ਼ੁਲਾਸਾ ਕੀਤਾ ਕਿ ਵਾਧੂ 3800 ਕਮਰੇ ਅੱਜ ਰਾਤ ਦੇ ਆਨਲਾਈਨ ਬੁਕਿੰਗ ਮੌਕੇ ਸ਼ਾਮ 6 ਵਜੇ ਜਾਰੀ ਕੀਤੇ ਜਾਣਗੇ, ਜਿਸ ਦਾ ਮਤਲਬ ਹੈ ਕਿ ਬਹੁਤ ਸਾਰੇ ਕੀਵੀ ਕ੍ਰਿਸਮਿਸ ਲਈ ਘਰ ਵਾਪਸ ਆਉਣਗੇ। ਇਹ ਅਕਤੂਬਰ, ਨਵੰਬਰ ਅਤੇ ਦਸੰਬਰ ਲਈ ਉਪਲਬਧ ਐਮਆਈਕਿਯੂ ਸਥਾਨ ਹੋਣਗੇ। ਆਰਡਰਨ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਕਮਰੇ ਉਪਲਬਧ ਹੋਣ ਦੇ ਨਾਲ ਕ੍ਰਿਸਮਿਸ ਲਈ 12,000 ਤੋਂ ਵੱਧ ਲੋਕ ਵਾਪਸ ਆ ਸਕਦੇ ਹਨ।
ਆਰਡਰਨ ਨੇ ਕਿਹਾ ਕਿ ਟੀਕਾਕਰਣ ਬਾਰੇ ਕਿਹਾ ਕਿ ਕਿਰਪਾ ਕਰਕੇ ਇਸ ਹਫ਼ਤੇ ਟੀਕਾ ਲਗਵਾਓ ਖ਼ਾਸ ਕਰਕੇ ਜੇ ਤੁਸੀਂ ਲੈਵਲ 3 ਦੇ ਕਰਮਚਾਰੀ ਹੋ। ਤੁਹਾਡਾ ਟੀਕਾਕਰਣ ਤੁਹਾਡੇ ਕੰਮ ਵਾਲੇ ਸਥਾਨ ਨੂੰ ਖੋਲ੍ਹਣ ਦੇ ਯੋਗ ਹੋਣ ਲਈ ਮਹੱਤਵਪੂਰਣ ਹੋ ਸਕਦਾ ਹੈ, ਕਿਉਂਕਿ ਕੈਬਨਿਟ ਅਗਲੇ ਹਫ਼ਤੇ ਚੇਤਾਵਨੀ ਪੱਧਰ ਦੀਆਂ ਸੈਟਿੰਗਾਂ ਦੀ ਸਮੀਖਿਆ ਕਰੇਗੀ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 8 ਨਵੇਂ ਕੇਸ...