ਵੈਲਿੰਗਟਨ, 14 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 71 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਦੇ ਸਾਰੇ ਕੇਸ ਆਕਲੈਂਡ ਦੇ ਹਨ।
ਅੱਜ ਦੀ ਜਾਣਕਾਰੀ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਅਤੇ ਪਬਲਿਕ ਹੈਲਥ ਡਾਇਰੈਕਟਰ ਡਾ. ਕੈਰੋਲਿਨ ਮੈਕਲਨੇ ਨੇ ਪ੍ਰੈੱਸ ਨਾਲ ਸਾਂਝੀ ਕੀਤੀ। ਡਾ. ਮੈਕਲਨੇ ਨੇ ਕਿਹਾ ਕਿ ਅੱਜ ਦੇ ਨਵੇਂ 71 ਕੇਸਾਂ ਵਿੱਚੋਂ 32 ਕੇਸ ਅਣਲਿੰਕ ਹਨ। ਉਨ੍ਹਾਂ ਨੇ ਕਿਹਾ ਕਿ ਅਗਲੇ ਪੰਦ੍ਹਰਵਾੜੇ ਵਿੱਚ ਆਕਲੈਂਡ ਦੇ ਹਸਪਤਾਲਾਂ ‘ਚ ਲੋਕਾਂ ਦੀ ਗਿਣਤੀ ਦੁੱਗਣੀ ਹੋਣ ਦੀ ਉਮੀਦ ਹੈ।
ਡਾ. ਮੈਕਲਨੇ ਨੇ ਕਿਹਾ ਕਿ ਅੱਜ ਦੇ ਨਵੇਂ 71 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 1,790 ਹੋ ਗਈ ਹੈ। ਹਸਪਤਾਲ ਵਿੱਚ 33 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 4 ਨੌਰਥ ਸ਼ੋਰ ਹਸਪਤਾਲ, 17 ਮਿਡਲਮੋਰ ਹਸਪਤਾਲ ਅਤੇ 11 ਆਕਲੈਂਡ ਸਿਟੀ ਹਸਪਤਾਲ ਤੇ 1 ਕੇਸ ਪਾਲਮਰਸਟਨ ਨੌਰਥ ਵਿੱਚ ਹੈ। 87% ਆਕਲੈਂਡਰਸ ਨੂੰ ਟੀਕੇ ਦੀ ਇੱਕ ਖ਼ੁਰਾਕ ਲੱਗ ਚੁੱਕੀ ਹੈ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਯੋਜਨਾ ਬਣਾਉਣੀ ਪਵੇਗੀ, ਪਰ ਸਾਡੇ ਹਸਪਤਾਲਾਂ ਵਿੱਚ ਦਾਖਲ ਹੋਣ ਦਾ ਪੱਧਰ ਮੁਕਾਬਲਤਨ ਘੱਟ ਹੈ ਅਤੇ ਆਈਸੀਯੂ ਦੀ ਸਮਰੱਥਾ ਇਸ ਸਮੇਂ “ਠੀਕ” ਹੈ ਪਰ ਲੋਕਾਂ ਨੂੰ ਇਸ ਦੇ ਵਧਣ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਕਲੈਂਡ ਵਿੱਚ ਕੇਸ ਤਿੰਨ ਅੰਕਾਂ ਵੱਲ ਵਧਣਗੇ। ਉਨ੍ਹਾਂ ਨੇ ਘਰਾਂ ਵਿੱਚ ਇਕੱਠੇ ਹੋਣ ਵਾਲੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸਾਰਿਆਂ ਨੂੰ ਅਲਰਟ ਲੈਵਲ 3 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਲੋਕਾਂ ਨੂੰ ਘਰਾਂ ਦੇ ਅੰਦਰ ਇਨ੍ਹਾਂ ਇਕੱਠਾਂ ਦੀ ਇਜਾਜ਼ਤ ਨਹੀਂ ਹੈ…..ਮੇਰਾ ਅੱਜ ਦਾ ਸੁਨੇਹਾ ਸਪਸ਼ਟ ਹੈ, ਸਾਨੂੰ ਆਕਲੈਂਡ ਦੇ ਲੋਕਾਂ ਨੂੰ ਅਲਰਟ ਲੈਵਲ 3 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ’।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰਕੋਪ “ਆਕਲੈਂਡ ਦੇ ਸਾਰੇ ਹਿੱਸਿਆਂ ਵਿੱਚ” ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਨੇ ਆਕਲੈਂਡਰਸ ਨੂੰ ਟੀਕਾ ਲਗਵਾਉਣ ਅਤੇ ਲੋਕਾਂ ਨੂੰ ਆਪਸ ਵਿੱਚ ਬਾਹਰ ਮਿਲਣ ਦੇ ਇਲਾਵਾ ਘਰਾਂ ਦੇ ਅੰਦਰ ਪਰਿਵਾਰ ਅਤੇ ਦੋਸਤਾਂ ਦੇ ਨਾਲ ਨਾ ਘੁਲ਼ਨ-ਮਿਲਣ ਲਈ ਕਿਹਾ। ਰੌਬਰਟਸਨ ਨੇ ਕਿਹਾ ਕਿ ਪਾਬੰਦੀਆਂ ਤਾਂ ਹੀ ਕੰਮ ਕਰਦੀਆਂ ਹਨ ਜੇ ਹਰ ਕੋਈ ਨਿਯਮਾਂ ਦੀ ਪਾਲਣਾ ਕਰਦਾ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 71 ਹੋਰ ਨਵੇਂ...