ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 94 ਹੋਰ ਨਵੇਂ ਕੇਸ, ਜੋ ਅਪ੍ਰੈਲ 2020 ਤੋਂ ਬਾਅਦ ਸਭ ਤੋਂ ਵੱਧ ਹਨ

ਵੈਲਿੰਗਟਨ, 19 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕੇਸਾਂ ਵਿੱਚ ਅੱਜ ਤੇਜ਼ੀ ਵੇਖੀ ਗਈ, ਜਿਸ ਵਿੱਚ ਕਮਿਊਨਿਟੀ ਨਾਲ ਸੰਬੰਧਿਤ ਅੱਜ 94 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਆਕਲੈਂਡ ‘ਚ 87 ਅਤੇ ਵਾਇਕਾਟੋ ‘ਚ 7 ਕੇਸ ਆਏ ਹਨ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿੱਚ ਪਿਛਲੇ ਸਾਲ ਮਾਰਚ ਵਿੱਚ ਮਹਾਂਮਾਰੀ ਦੇ ਆਉਣ ਤੋਂ ਬਾਅਦ ਅਪ੍ਰੈਲ 2020 ਦੇ ਵਿੱਚ ਦੋ ਵਾਰ ਦਰਜ ਕੀਤੇ ਗਏ ਸਨ, ਜੋ ਇੱਕ ਦਿਨ ਵਿੱਚ ਨਵੇਂ ਕੇਸਾਂ ਦੇ ਆਉਣ ਦੀ ਸਭ ਤੋਂ ਵਧ ਗਿਣਤੀ ਰਹੀ ਸੀ ਪਰ ਅੱਜ ਦੇ 94 ਕੇਸਾਂ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਇਹ ਜਾਣਕਾਰੀ ਦਿੱਤੀ। ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇ 94 ਕੇਸਾਂ ਵਿੱਚੋਂ 41 ਕੇਸ ਲਿੰਕ (ਇਨ੍ਹਾਂ ਵਿੱਚ 26 ਘਰੇਲੂ ਸੰਪਰਕ ਦੇ ਕੇਸ ਹਨ) ਅਤੇ 53 ਅਣਲਿੰਕ ਮਿਸਟਰੀ ਕੇਸ ਹਨ। ਵਾਇਕਾਟੋ ਦੇ 3 ਕੇਸਾਂ ਵਿੱਚੋਂ 1 ਕੇਸ ਲਿੰਕ ਅਤੇ 2 ਕੇਸ ਅਣਲਿੰਕ ਹਨ। ਅੱਜ ਦੇ ਨਵੇਂ 60 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,099 ਹੋ ਗਈ ਹੈ। ਹਸਪਤਾਲ ਵਿੱਚ 38 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਆਕਲੈਂਡ ਦੇ 124 ਉਪਨਗਰਾਂ ਵਿੱਚ ਕੇਸ ਸਾਹਮਣੇ ਆਏ ਹਨ। ਅੱਜ ਦੇ ਸਭ ਤੋਂ ਵੱਧ ਕੇਸ ਤਿੰਨ ਉਮਰ ਵਰਗਾਂ ਦੇ ਹਨ ਜਿਨ੍ਹਾਂ ਦਾ ਸਭ ਤੋਂ ਘੱਟ ਟੀਕਾਕਰਣ ਹੋਇਆ ਹੈ, ਉਹ 39 ਸਾਲ ਅਤੇ ਘੱਟ ਉਮਰ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ 12 ਲੋਕ 39 ਸਾਲ ਤੋਂ ਘੱਟ ਉਮਰ ਦੇ ਹਨ। ਆਰਡਰਨ ਨੇ ਕਿਹਾ ਕਿ 158,522 ਯੋਗ ਆਕਲੈਂਡਰਸ ਨੇ ਟੀਕੇ ਦੀ ਪਹਿਲੀ ਖ਼ੁਰਾਕ ਨਹੀਂ ਲਈ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੀ ਦੂਜੀ ਖ਼ੁਰਾਕ ਵੀ ਲੈਣ ਦੀ ਅਪੀਲ ਕੀਤੀ, ਜੇ ਪਹਿਲੀ ਖ਼ੁਰਾਕ ਨੂੰ ਤਿੰਨ ਹਫ਼ਤੇ ਹੋ ਗਏ ਹਨ।