ਵੈਲਿੰਗਟਨ, 21 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 102 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੋਵਿਡ ਦੇ ਕੇਸਾਂ ਨੇ ਪਿਛਲੇ ਸਾਲ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਆਉਣ ਤੋਂ ਬਾਅਦ ਪਹਿਲੀ ਵਾਰ ਸੈਂਕੜਾ ਪਾਰ ਕਰ ਲਿਆ ਹੈ। ਗੌਰਤਲਬ ਹੈ ਕਿ ਇਸੇ ਮਹੀਨੇ 19 ਅਕਤੂਬਰ ਦਿਨ ਮੰਗਲਵਾਰ ਨੂੰ 94 ਕੇਸ ਆਏ ਸਨ। ਇਹ ਹੀ ਨਹੀਂ ਪਹਿਲੀ ਵਾਰ ਹਸਪਤਾਲ ਵਿੱਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ, ਇਸ ਵੇਲੇ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ 46 ਮਰੀਜ਼ ਭਰਤੀ ਹਨ।
ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਰੋਜ਼ਾਨਾ ਦੇ ਕੇਸਾਂ ਵਿੱਚ ਉਤਰਾਓ-ਚੜ੍ਹਾਓ ਰੋਲ ਕੋਸਟਰ ਵਾਂਗ ਹੋ ਸਕਦੇ ਹਨ ਅਤੇ ਸਰਕਾਰ ਨੂੰ ਉਮੀਦ ਹੈ ਕਿ ਕੇਸ ਵਧਣਗੇ। ਹਾਲ ਹੀ ਦੇ ਦਿਨਾਂ ਵਿੱਚ ਕੇਸਾਂ ‘ਚ ਤੇਜ਼ੀ ਆਈ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਹਰ 10-12 ਦਿਨਾਂ ਵਿੱਚ ਦੁੱਗਣੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਨੁਕਤਾ ਇਹ ਹੈ ਕਿ ਕੋਵਿਡ -19 ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਵਿੱਚੋਂ ਕਿੰਨੇ ਲੋਕਾਂ ਟੀਕਾ ਲਗਾਇਆ ਗਿਆ ਸੀ। ਡੈਲਟਾ ਪ੍ਰਕੋਪ ਵਿੱਚ ਹਸਪਤਾਲ ‘ਚ ਦਾਖ਼ਲ ਸਿਰਫ਼ 1.7% ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।
ਰੌਬਰਟਸਨ ਨੇ ਆਕਲੈਂਡਰਸ ਨੂੰ ਲੌਂਗ ਵੀਕਐਂਡ ਦੇ ਦੌਰਾਨ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਸਾਂ ਦੀ ਗਿਣਤੀ ਹੀ ਸਿਰਫ਼ ਇਕਲੌਤਾ ਉਪਾਅ ਨਹੀਂ ਹੈ ਅਤੇ ਕੋਵਿਡ ਵਾਲੇ 94% ਲੋਕ ਭਵਿੱਖ ਵਿੱਚ ਘਰ ‘ਚ ਆਈਸੋਲੇਟ ਰਹਿ ਸਕਦੇ ਹਨ।
ਡਾ. ਬਲੂਮਫੀਲਡ ਨੇ ਕਿਹਾ ਕਿ ਅੱਜ ਦੇ 102 ਕੇਸਾਂ ਵਿੱਚੋਂ ਆਕਲੈਂਡ ‘ਚ 94 ਅਤੇ ਵਾਇਕਾਟੋ ‘ਚ 8 ਕੇਸ ਆਏ ਹਨ। ਵਾਇਕਾਟੋ ਦੇ 8 ਕੇਸਾਂ ਵਿੱਚੋਂ 7 ਕੇਸ ਅਵਾਮਾਟੂ ਦੇ ਹਨ ਅਤੇ 1 ਕੇਸ ਕੀਹੀਕੀਹੀ ਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ 102 ਕੇਸਾਂ ਵਿੱਚੋਂ 62 ਕੇਸ ਲਿੰਕ ਹਨ (ਇਨ੍ਹਾਂ ਵਿੱਚ 30 ਕੇਸ ਘਰੇਲੂ ਸੰਪਰਕ ਦੇ ਹਨ) ਅਤੇ 40 ਅਣਲਿੰਕ ਕੇਸ ਹਨ। ਅੱਜ ਦੇ ਨਵੇਂ 102 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,260 ਹੋ ਗਈ ਹੈ। ਹਸਪਤਾਲ ਵਿੱਚ 46 ਮਰੀਜ਼ ਹਨ ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ।
ਦੇਸ਼ ਭਰ ‘ਚ ਪਿਛਲੇ ੨੪ ਘੰਟਿਆਂ ਵਿੱਚ 26,660 ਤੋਂ ਵੱਧ ਟੈੱਸਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 12,759 ਆਕਲੈਂਡ ਵਿੱਚ ਅਤੇ 3,160 ਟੈੱਸਟ ਵਾਇਕਾਟੋ ਵਿੱਚ ਕੀਤੇ ਗਏ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ 102 ਹੋਰ ਨਵੇਂ ਕੇਸ...