ਵੈਲਿੰਗਟਨ, 29 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 125 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਕ੍ਰਾਈਸਟਚਰਚ ਤੋਂ 2 ਹੋਰ ਨਵੇਂ ਕੇਸ ਅਤੇ ਆਕਲੈਂਡ ਰੈਸਟ ਹੋਮ ਵਿਚਲਾ 1 ਕੇਸ ਸ਼ਾਮਿਲ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 125 ਕੇਸਾਂ ‘ਚ ਆਕਲੈਂਡ ਦੇ 118 ਕੇਸ, ਵਾਇਕਾਟੋ ਦੇ 4 ਕੇਸ, ਨੌਰਥਲੈਂਡ ਦਾ 1 ਕੇਸ ਅਤੇ ਕੈਂਟਰਬਰੀ ਦੇ 2 ਕੇਸ ਹਨ। ਅੱਜ ਦੇ ਇਨ੍ਹਾਂ ਕੇਸਾਂ ਵਿੱਚੋਂ 51 ਕੇਸ ਮੌਜੂਦਾ ਪ੍ਰਕੋਪ ਨਾਲ ਅਣਲਿੰਕ ਹਨ, ਜਦੋਂ ਕਿ 74 ਨਵੇਂ ਕੇਸ (ਜਿਨ੍ਹਾਂ ਵਿੱਚੋਂ 24 ਘਰੇਲੂ ਸੰਪਰਕ ਦੇ ਹਨ) ਜੋ ਮਹਾਂਮਾਰੀ ਪ੍ਰਕੋਪ ਨਾਲ ਜੁੜੇ ਹੋਏ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 3,046 ਹੋ ਗਈ ਹੈ। ਅੱਜ ਤੱਕ ਇਨ੍ਹਾਂ ਵਿੱਚੋਂ 2,911 ਕੇਸ ਆਕਲੈਂਡ ਵਿੱਚ ਹਨ, ਵਾਇਕਾਟੋ ਵਿੱਚ 105 ਕੇਸ (ਜਿਨ੍ਹਾਂ ਵਿੱਚੋਂ 32 ਠੀਕ ਹੋਏ) ਹਨ, ਵੈਲਿੰਗਟਨ ਵਿੱਚ 17 ਕੇਸ (ਸਾਰੇ ਰਿਕਵਰ ਹੋਏ), ਨੌਰਥਲੈਂਡ ਵਿੱਚ 8 ਕੇਸ (ਸਾਰੇ ਐਕਟਿਵ), ਨੈਲਸਨ/ਮਾਰਲਬਰੋ ਵਿੱਚ 1 ਕੇਸ ਅਤੇ ਕੈਂਟਰਬਰੀ ਵਿੱਚ 4 ਕੇਸ (ਸਾਰੇ ਐਕਟਿਵ) ਹਨ।
ਹਸਪਤਾਲ ਵਿੱਚ 39 ਮਰੀਜ਼ ਹਨ ਜਿਨ੍ਹਾਂ ਵਿੱਚੋਂ 4 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 49 ਸਾਲ ਹੈ। ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਵਿੱਚ 31,000 ਤੋਂ ਵੱਧ ਟੈੱਸਟ ਕੀਤੇ ਗਏ ਹਨ, ਜਿਨ੍ਹਾਂ ਵਿੱਚ 11,942 ਟੈੱਸਟ ਆਕਲੈਂਡ ਵਿੱਚ ਕੀਤੇ ਗਏ। ਆਕਲੈਂਡ ਅਤੇ ਵਾਇਕਾਟੋ ਦੇ ਕੁੱਝ ਹਿੱਸੇ ਅਲਰਟ ਲੈਵਲ 3.1 ਵਿੱਚ ਹਨ, ਜਦੋਂ ਕਿ ਦੇਸ਼ ਦਾ ਬਾਕੀ ਹਿੱਸਾ ਅਲਰਟ ਲੈਵਲ 2 ‘ਤੇ ਹੈ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 125 ਹੋਰ ਨਵੇਂ...