ਵੈਲਿੰਗਟਨ, 3 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 100 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਨੌਰਥਲੈਂਡ ਤੋਂ ਕੋਈ ਕੇਸ ਨਹੀਂ ਆਇਆ ਹੈ। ਅੱਜ 10 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਆਏ ਹਨ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 100 ਕੇਸਾਂ ‘ਚ ਆਕਲੈਂਡ ‘ਚੋਂ 97 ਕੇਸ, ਵਾਇਕਾਟੋ ‘ਚੋਂ 3 ਕੇਸ ਆਏ ਹਨ। ਅੱਜ ਦੇ ਇਨ੍ਹਾਂ ਕੇਸਾਂ ਵਿੱਚੋਂ 52 ਕੇਸ ਲਿੰਕ ਹਨ, ਜਦੋਂ ਕਿ 48 ਨੂੰ ਹਾਲੇ ਪ੍ਰਕੋਪ ਨਾਲ ਜੋੜਿਆ ਜਾਣ ਹੈ ਤੇ ਅੰਡਰ ਇੰਨਵੈਸਟੀਗੇਸ਼ਨ ‘ਚ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 3,733 ਹੋ ਗਈ ਹੈ। ਹਸਪਤਾਲ ਵਿੱਚ 58 ਮਰੀਜ਼ ਹਨ ਜਿਨ੍ਹਾਂ ਵਿੱਚੋਂ 3 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹੈਂਡਰਸਨ ਵਿੱਚ ਐਡਮੰਟਨ ਮੀਡੋਜ਼ ਕੇਅਰ ਹੋਮ ਦੇ 15 ਨਿਵਾਸੀਆਂ ਅਤੇ 4 ਸਟਾਫ਼ ਮੈਂਬਰਾਂ ਦੇ ਕੀਤੇ ਟੈੱਸਟ ਵਾਪਸ ਪਾਜ਼ੇਟਿਵ ਆਏ ਹਨ। ਕੋਵਿਡ-19 ਪਾਜ਼ੇਟਿਵ ਵਸਨੀਕਾਂ ਵਿੱਚੋਂ 3 ਨੌਰਥ ਸ਼ੋਰ ਹਸਪਤਾਲ ਵਿੱਚ ਵਾਰਡ-ਪੱਧਰ ਦੀ ਢੁਕਵੀਂ ਦੇਖਭਾਲ ਪ੍ਰਾਪਤ ਕਰ ਰਹੇ ਹਨ।
ਵਾਇਕਾਟੋ ਦੇ ਕੇਸਾਂ ਵਿੱਚੋਂ 2 ਹੈਮਿਲਟਨ ਤੋਂ ਹਨ ਅਤੇ 1 ਓਟੋਰੋਹੰਗਾ ਤੋਂ ਹੈ। ਦੋ ਜਾਣੇ-ਪਛਾਣੇ ਸੰਪਰਕ ਹਨ ਅਤੇ ਪਹਿਲਾਂ ਤੋਂ ਹੀ ਆਈਸੋਲੇਸ਼ਨ ‘ਚ ਸਨ ਅਤੇ ਰੋਜ਼ਾਨਾ ਪਬਲਿਕ ਹੈਲਥ ਦੇ ਸੰਪਰਕ ਅਤੇ ਸਪੋਰਟ ਨਾਲ ਸਨ।
ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਵਿੱਚ ਕਰੀਬ 29,521 ਟੈੱਸਟ ਕੀਤੇ ਗਏ। ਜਦੋਂ ਕਿ ਕੱਲ੍ਹ ਦੇਸ਼ ਭਰ ‘ਚ 87,921 ਲੋਕਾਂ ਨੂੰ ਟੀਕੇ ਲਗਾਏ ਗਏ। ਜਿਸ ਵਿੱਚ 7,574 ਨੂੰ ਪਹਿਲਾ ਟੀਕਾ ਅਤੇ 21,347 ਨੂੰ ਦੂਜਾ ਟੀਕਾ ਲਗਾਇਆ ਗਿਆ। ਕੁੱਲ ਮਿਲਾ ਕੇ ਹੁਣ ਤੱਕ ਦੇਸ਼ ਭਰ ਵਿੱਚ 6,925,585 ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ, ਜਿਸ ਵਿੱਚ 3,724,359 ਨੂੰ ਪਹਿਲਾ ਟੀਕਾ (88%) ਅਤੇ 3,201,226 ਲੋਕਾਂ ਨੂੰ ਦੂਜਾ ਟੀਕਾ (76%) ਲਗਾਇਆ ਗਿਆ ਹੈ।
ਗੌਰਤਲਬ ਹੈ ਕਿ ਇਸ ਦੌਰਾਨ, ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵਾਂਗਾਨੁਈ ‘ਚ ਦੁਪਹਿਰ 12.45 ਵਜੇ ਆਪਣੀ ਨਿਰਧਾਰਿਤ ਪ੍ਰੈੱਸ ਕਾਨਫ਼ਰੰਸ ਨੂੰ ਰੱਦ ਕਰ ਦਿੱਤਾ, ਜਿੱਥੇ ਉਹ ਇਸ ਖੇਤਰ ਵਿੱਚ ਟੀਕਾਕਰਣ ਰੋਲਆਊਟ ਨੂੰ ਉਤਸ਼ਾਹਿਤ ਕਰ ਰਹੀ ਹੈ। ਕਿਉਂ ਕਿ ਖ਼ਬਰਾਂ ਹਨ ਕਿ 100 ਦੇ ਕਰੀਬ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਵਾਂਗਾਨੁਈ ਫੇਰੀ ਵਿੱਚ ਵਿਘਨ ਪਾ ਦਿੱਤਾ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 100 ਹੋਰ ਨਵੇਂ...