ਵੈਲਿੰਗਟਨ, 18 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 167 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਅੱਜ 2 ਹੋਰ ਵਿਅਕਤੀਆਂ ਦੀ ਵਾਇਰਸ ਨਾਲ ਮੌਤ ਹੋ ਗਈ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੋਵੇਂ ਮੌਤਾਂ ਆਕਲੈਂਡ ਦੇ ਵੱਖ-ਵੱਖ ਹਸਪਤਾਲ ਵਿੱਚ ਹੋਈਆਂ ਹਨ, ਜਿਨ੍ਹਾਂ ‘ਚ ਮਿਡਲਮੋਰ ਹਸਪਤਾਲ ਵਿੱਚ 80 ਸਾਲਾ ਇੱਕ ਔਰਤ ਅਤੇ ਨੌਰਥ ਸ਼ੋਰ ਹਸਪਤਾਲ ਵਿੱਚ 90 ਸਾਲ ਦੇ ਇੱਕ ਪੁਰਸ਼ ਦੀ ਮੌਤ ਹੋਈ ਹੈ। ਪੁਰਸ਼ ਐਡਮਿੰਟਨ ਮੀਡੋਜ਼ ਕੇਅਰ ਹੋਮ ਦਾ ਨਿਵਾਸੀ ਸੀ ਤੇ ਉਸ ਦੀ ਕਈ ਅੰਤਰੀਵ ਸਿਹਤ ਸਥਿਤੀਆਂ ਸਨ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਦੇ ਕੋਵਿਡ -19 ਦੇ ਨਾਲ ਦਾਖ਼ਲ ਹੋਣ ਤੋਂ ਬਾਅਦ ਉਸ ਨੂੰ ਵਾਰਡ-ਪੱਧਰ ਦੀ ਢੁਕਵੀਂ ਦੇਖਭਾਲ ਮਿਲ ਰਹੀ ਸੀ।
ਅੱਜ ਦੇ ਨਵੇਂ ਕੇਸ ਨੌਰਥਲੈਂਡ, ਆਕਲੈਂਡ, ਵਾਇਕਾਟੋ, ਬੇ ਆਫ਼ ਪਲੇਨਟੀ, ਮਿਡ ਸੈਂਟਰਲ ਅਤੇ ਕੈਂਟਰਬਰੀ ਵਿੱਚ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੱਲ੍ਹ ਲੇਕਸ ਡੀਐੱਚਬੀ ਵਿੱਚ ਐਲਾਨ ਕੀਤਾ ਗਿਆ 1 ਕੇਸ ਅਧਿਕਾਰਤ ਤੌਰ ‘ਤੇ ਅੱਜ ਦੇ ਅੰਕੜਿਆਂ ਵਿੱਚ ਦੱਸਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਸਾਰੇ ਖੇਤਰਾਂ ਵਿੱਚ ਕੋਵਿਡ -19 ਦਾ ਲਗਾਤਾਰ ਫੈਲਣਾ ਇਹ ਯਾਦ ਦਿਵਾਉਂਦਾ ਹੈ ਕਿ ਹਰੇਕ ਨੂੰ ਉਸ ਸਲਾਹ ‘ਤੇ ਧਿਆਨ ਦੇਣ ਦੀ ਲੋੜ ਹੈ ਜੋ ਸਾਡੇ ਭਾਈਚਾਰਿਆਂ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 167 ਕੇਸਾਂ ‘ਚੋਂ ਆਕਲੈਂਡ ‘ਚ 142 ਕੇਸ, 17 ਵਾਇਕਾਟੋ ‘ਚ, 5 ਨੌਰਥਲੈਂਡ ‘ਚ, 1 ਲੇਕਸ/ਟੌਪੋ ‘ਚ, 1 ਕੇਸ ਬੇ ਆਫ਼ ਪਲੇਨਟੀ ਅਤੇ 1 ਕੇਸ ਕੈਂਟਰਬਰੀ ਵਿੱਚ ਆਇਆ ਹੈ।
ਅੱਜ ਦੇ ਨਵੇਂ 167 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 6,334 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 85 ਮਰੀਜ਼ ਹਨ, ਜਿਨ੍ਹਾਂ ਵਿੱਚੋਂ 6 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 19 ਨੌਰਥ ਸ਼ੋਰ ਹਸਪਤਾਲ ‘ਚ, 26 ਮਿਡਲਮੋਰ ਹਸਪਤਾਲ ‘ਚ, 35 ਆਕਲੈਂਡ ਸਿਟੀ ਹਸਪਤਾਲ ‘ਚ, 1 ਵੈਟਾਕੇਰੇ ਹਸਪਤਾਲ ‘ਚ, 1 ਵਿਅਕਤੀ ਫ਼ਾਂਗਰੇਈ ਹਸਪਤਾਲ ‘ਚ ਅਤੇ 3 ਵਿਅਕਤੀ ਵਾਇਕਾਟੋ ਹਸਪਤਾਲ ਵਿੱਚ ਦਾਖ਼ਲ ਹੈ। ਪਬਲਿਕ ਹੈਲਥ ਸਟਾਫ਼ ਆਕਲੈਂਡ ਦੇ ਆਲੇ-ਦੁਆਲੇ 5,010 ਲੋਕਾਂ ਨੂੰ ਘਰਾਂ ਵਿੱਚ ਆਈਸੋਲੇਟ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ, ਜਿਸ ਵਿੱਚ 2,238 ਕੇਸ ਸ਼ਾਮਲ ਹਨ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 167 ਨਵੇਂ ਹੋਰ...