ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 134 ਨਵੇਂ ਹੋਰ ਕੇਸ ਆਏ

ਵੈਲਿੰਗਟਨ, 30 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 134 ਹੋਰ ਨਵੇਂ ਕੇਸ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 134 ਕਮਿਊਨਿਟੀ ਕੇਸਾਂ ‘ਚੋਂ ਆਕਲੈਂਡ ‘ਚ 116 ਕੇਸ, 8 ਕੇਸ ਵਾਇਕਾਟੋ, 9 ਕੇਸ ਬੇਅ ਆਫ਼ ਪਲੈਂਟੀ ਅਤੇ 2 ਕੇਸ ਨੈਲਸਨ-ਤਸਮਾਨ ਵਿੱਚ ਹੈ। ਨੈਲਸਨ-ਤਸਮਾਨ ਖੇਤਰ ਦੇ ਦੋ ਕੇਸ ਕੱਲ੍ਹ ਐਲਾਨੇ ਗਏ ਸਨ, ਇਹ ਸਥਾਨਕ ਕੇਸ ਦੇ ਦੋਵੇਂ ਜਾਣੇ-ਪਛਾਣੇ ਸੰਪਰਕ ਹਨ। ਵਾਇਕਾਟੋ ਦੇ ਕੇਸਾਂ ਵਿੱਚੋਂ 4 ਕੇਸ ਟੇ ਕੁਇਟੀ ‘ਚ, 1 ਕੇਸ ਹੰਟਲੀ ‘ਚ, 1 ਕੇਸ ਹੈਮਿਲਟਨ ‘ਚ, 1 ਕੇਸ ਨਗਾਰੂਵਾਹੀਆ ‘ਚ ਅਤੇ 1 ਕੇਸ ਟੇ ਅਵਾਮੁਟੂ ‘ਚ ਹੈ।
ਬੇਅ ਆਫ਼ ਪਲੈਂਟੀ ਮਾਮਲਿਆਂ ਵਿੱਚੋਂ 1 ਕੇਸ ਫਾਹਕਾਟਾਨੀ ‘ਚ, 3 ਕੇਸ ਟੌਰੰਗਾ ‘ਚ ਅਤੇ 5 ਕੇਸ ਵਿਆਪਕ ਵੈਸਟਰਨ ਬੇਅ ਆਫ਼ ਪਲੈਂਟੀ ‘ਚ ਹਨ। ਇਹ ਸਾਰੇ ਕੇਸ ਪਹਿਲਾਂ ਰਿਪੋਰਟ ਕੀਤੇ ਗਏ ਕੇਸਾਂ ਦੇ ਨਜ਼ਦੀਕੀ ਸੰਪਰਕ ਹਨ। ਨਵਾਂ ਨੌਰਥਲੈਂਡ ਕੇਸ ਕਾਈਟਾਈਆ ਵਿੱਚ ਹੈ। ਲਿੰਕ ਸਥਾਪਤ ਕਰਨ ਲਈ ਪਬਲਿਕ ਹੈਲਥ ਨਾਲ ਇੰਟਰਵਿਊ ਚੱਲ ਰਹੀ ਹੈ।
ਅੱਜ ਦੇ ਨਵੇਂ 134 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 8,432 ਹੋ ਗਈ ਹੈ। ਇਸ ਵੇਲੇ ਹਸਪਤਾਲ ਵਿੱਚ 89 ਮਰੀਜ਼ ਹਨ, ਇਨ੍ਹਾਂ ਵਿੱਚੋਂ 9 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ।