ਵੈਲਿੰਗਟਨ, 16 ਫਰਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਅੱਜ ਕਮਿਊਨਿਟੀ ਅਤੇ ਮੈਨੇਜਡ ਆਈਸੋਲੇਸ਼ਨ ‘ਚੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਦੇਸ਼ ਵਿੱਚ ਚੱਲ ਰਹੇ ਅਲਰਟ ਲੈਵਲ ਬਾਰੇ ਬੁੱਧਵਾਰ ਨੂੰ ਡੂੰਘਾਈ ਨਾਲ ਵਿਚਾਰ ਹੋਵੇਗੀ।
ਅੱਜ ਦੁਪਹਿਰ ਕੋਵਿਡ -19 ਅੱਪਡੇਟ ਨੂੰ ਸਿਹਤ ਮੰਤਰੀ ਕ੍ਰਿਸ ਹਿਪਕਿਨਸ ਨੇ ਸਿਹਤ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨਾਲ ਮੀਡੀਆ ਸਾਹਮਣੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਲਰਟ ਲੈਵਲ ਦੇ ਫ਼ੈਸਲੇ ਬਾਰੇ ਅਜੇ ਕਿਆਸ ਲਗਾਉਣਾ ਬਹੁਤ ਜਲਦਬਾਜ਼ੀ ਹੋਵੇਗਾ।
ਡਾ. ਬਲੂਮਫੀਲਡ ਨੇ ਕਿਹਾ ਕਿ ਜਦੋਂ ਕੈਬਨਿਟ ਅਲਰਟ ਦੇ ਪੱਧਰ ਦਾ ਫ਼ੈਸਲਾ ਕਰਦੀ ਹੈ, ਤਾਂ ਕੈਬਨਿਟ ਉਨ੍ਹਾਂ ਅਤੇ ਉਨ੍ਹਾਂ ਦੀ ਹੈਲਥ ਟੀਮ ਤੋਂ ਸਿਹਤ ਦੇ ਜੋਖ਼ਮਾਂ, ਕੰਟੈਕਟ-ਟਰੇਸਿੰਗ, ਵਾਇਰਸ ਦੀ ਭੂਗੋਲਿਕ ਵੰਡ, ਸਰਹੱਦ ਨਾਲ ਸੰਬੰਧਿਤ, ਅਲਰਟ ਲੈਵਲਾਂ ਦੇ ਆਰਥਿਕ ਪ੍ਰਭਾਵ ਅਤੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਕਮਜ਼ੋਰ ਭਾਈਚਾਰਿਆਂ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਸਲਾਹ ਲੈਂਦੀ ਹੈ। ਜਦੋਂ ਕਿ ਹਿਪਕਿਨਸ ਨੇ ਕਿਹਾ ਕਿ ਅਲਰਟ ਦੇ ਲੈਵਲਾਂ ਦਾ ਹਰ ਰੋਜ਼ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਸਿਹਤ ਸਲਾਹ ਦੇ ਅਧਾਰ ‘ਤੇ ਉਹ ਮੌਜੂਦਾ ਅਲਰਟ ਲੈਵਲ ਦੀਆਂ ਸੈਟਿੰਗਾਂ ਨਾਲ ਬਹੁਤ ਸਹਿਜ ਹਨ।
ਕੋਵਿਡ -19 ਤੋਂ ਪ੍ਰਭਾਵਿਤ ਆਕਲੈਂਡ ਦੇ ਪਾਪਾਟੋਏਟੋਏ ਦਾ ਪਰਿਵਾਰ ਹਾਲੇ ਆਕਲੈਂਡ ਦੀ ਕੁਆਰੰਟੀਨ ਸਹੂਲਤ ‘ਚ ਹੈ। ਸਿਹਤ ਅਧਿਕਾਰੀ ਕਮਿਊਨਿਟੀ ਟਰਾਂਸਮਿਸ਼ਨ ਦੇ ਫੈਲਣ ਅਤੇ ਆਕਲੈਂਡ ਦੇ ਪਾਪਾਟੋਏਟੋਏ ਦੇ ਪਰਿਵਾਰ ਦੇ ਸੰਕਰਮਣਾਂ ਦਾ ਸਰੋਤ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੇ ਲਈ ਉਨ੍ਹਾਂ ਨੇ ਕੱਲ੍ਹ 15,000 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ। ਡਾ. ਬਲੂਮਫੀਲਡ ਨੇ ਕਿਹਾ ਕਿ ਉਨ੍ਹਾਂ ਦੇ ਸੰਕਰਮਣ ਦੇ ਸਰੋਤ ਦੀ ਜਾਂਚ ਹਾਲੇ ਵੀ ਜਾਰੀ ਹੈ। ਈਐੱਸਆਰ (ESR) ਹਾਲੇ ਵੀ ਸਰੋਤ ਨੂੰ ਲੱਭਣ ਲਈ ਇੰਟਰਨੈਸ਼ਨਲ ਜੀਨੋਮਿਕ ਡਾਟਾ ਦੀ ਭਾਲ ਕਰ ਰਿਹਾ ਹੈ।
ਕੰਟੈਕਟ ਟਰੇਸਿੰਗ ਨੇ ਹੁਣ ਹਾਊਸਹੋਲਡ ਤੋਂ ਇਲਾਵਾ 102 ਨਜ਼ਦੀਕੀ ਸੰਪਰਕਾਂ ਦੀ ਪਛਾਣ ਕੀਤੀ ਹੈ, ਇਨ੍ਹਾਂ ਵਿੱਚੋਂ 33 ਦੇ ਟੈੱਸਟ ਨੈਗੇਟਿਵ ਆਏ ਹਨ ਅਤੇ 74 ਦੇ ਨਤੀਜੇ ਆਉਣੇ ਬਾਕੀ ਹਨ। 2000 ਤੋਂ ਵੱਧ ਸੰਪਰਕਾਂ ਦੀ ਪਛਾਣ ਹੁਣ ਸਧਾਰਨ ਪਲੱਸ ਵਜੋਂ ਕੀਤੀ ਗਈ ਹੈ ਅਤੇ ਰਾਸ਼ਟਰੀ ਨਜ਼ਦੀਕੀ ਸੰਪਰਕ ਟਰੇਸਿੰਗ ਪ੍ਰਣਾਲੀ ਵਿੱਚ ਲੋਡ ਕੀਤੇ ਗਏ ਹਨ। ਇਨ੍ਹਾਂ ਵਿੱਚ ਉਹ ਲੋਕ ਸ਼ਾਮਲ ਹਨ ਜੋ ਕੇਸ ਬੀ ਅਤੇ ਸੀ ਦੇ ਕੰਮ ਦੇ ਸਥਾਨਾਂ, ਪਾਪਾਟੋਏਟੋਏ ਹਾਈ ਸਕੂਲ ਅਤੇ ਹੋਰ ਥਾਵਾਂ ‘ਤੇ ਗਏ ਸਨ।
ਡਾ. ਬਲੂਮਫੀਲਡ ਨੇ ਪਿਛਲੇ ਵੀਕਐਂਡ 13 ਫਰਵਰੀ ਨੂੰ ਹੋਈ ਵਿਅਕਤੀ ਦੀ ਮੌਤ ਨੂੰ ਅੱਜ ਰਸਮੀ ਤੌਰ ‘ਤੇ ਕੋਵਿਡ -19 ਦੀ ਮੌਤ ਵਜੋਂ ਸ਼ਾਮਿਲ ਕੀਤਾ ਹੈ। ਹੁਣ ਦੇਸ਼ ਵਿੱਚ ਕੋਵਿਡ -19 ਨਾਲ ਹੋਈਆਂ ਮੌਤਾਂ ਦੀ ਗਿਣਤੀ 26 ਉੱਤੇ ਪਹੁੰਚ ਗਈ ਹੈ। ਆਕਲੈਂਡ ਐਤਵਾਰ ਰਾਤ 11.59 ਵਜੇ ਤੋਂ ਲੌਕਡਾਉਨ ਦੇ ਅਲਰਟ ਲੈਵਲ 3 ਅਤੇ ਦੇਸ਼ ਦੇ ਬਾਕੀ ਹਿੱਸਿਆਂ ਨੂੰ 72 ਘੰਟਿਆਂ ਲਈ ਅਲਰਟ ਲੈਵਲ 2 ਦੇ ਲੌਕਡਾਉਨ ਵਿੱਚ ਚੱਲ ਰਿਹਾ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,336 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 47 ਹੈ, ਜਿਨ੍ਹਾਂ ਵਿੱਚੋਂ 3 ਕੇਸ ਕਮਿਊਨਿਟੀ ਦੇ ਹਨ। ਜਿਨ੍ਹਾਂ ਵਿੱਚੋਂ 1,981 ਕੰਨਫ਼ਰਮ ਕੇਸ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2264 ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਅੱਜ ਵੀ ਕੋਈ ਨਵਾਂ ਕੇਸ ਨਹੀਂ,...