ਵੈਲਿੰਗਟਨ, 2 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਦਾ ਅੱਜ ਕੋਈ ਵੀ ਹੋਰ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ 4 ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਏ ਹਨ। ਮੈਨੇਜਡ ਆਈਸੋਲੇਸ਼ਨ ‘ਚ ਆਏ 4 ਕੇਸਾਂ ਵਿੱਚੋਂ 1 ਭਾਰਤ, 2 ਇਥੋਪੀਆ ਅਤੇ 1 ਕੈਨੇਡਾ ਤੋਂ ਆਇਆ ਹੈ, ਇਹ ਸਾਰੇ ਯੂਏਈ ਦੇ ਰਸਤੇ 28 ਫਰਵਰੀ ਨੂੰ ਆਕਲੈਂਡ ਪੁੱਜੇ ਹਨ।
ਇਸ ਦੀ ਜਾਣਕਾਰੀ ਅੱਜ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਮੀਡੀਆ ਨੂੰ ਦਿੱਤੀ, ਉਨ੍ਹਾਂ ਕਿਹਾ ਕਿ ਨਵੇਂ ਕੇਸ ਨਾ ਆਉਣਾ ਉਤਸ਼ਾਹਜਨਕ ਹੈ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਹਾਲੇ ਅਸੀਂ ਇਸ ਦੇ ਖ਼ਤਰੇ ਤੋਂ ਬਾਹਰ ਨਹੀਂ ਹਾਂ। ਇੱਥੇ 8880 ਟੈੱਸਟ ਕੀਤੇ ਗਏ, ਜੋ ਜ਼ਿਆਦਾਤਰ ਐਤਵਾਰ ਨੂੰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਉਹ ਅੱਜ ਅਤੇ ਕੱਲ੍ਹ ਵੱਡੀ ਪੱਧਰ ‘ਤੇ ਮੁੜ ਸਵੈਬਇੰਗ ਦੀ ਉਮੀਦ ਕਰਦੇ ਹਨ। ਦੇਸ਼ ਭਰ ‘ਚ ਲੈਬੋਟਰੀਆਂ ਹੁਣ ਤੱਕ 1,720,909 ਟੈੱਸਟ ਕਰ ਚੁੱਕੇ ਹਨ।
ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਮੁੜ ਤੋਂ 11 ਕਮਿਊਨਿਟੀ ਟੈਸਟਿੰਗ ਸੈਂਟਰ ਖੁੱਲ੍ਹ ਰਹੇ ਹਨ ਅਤੇ ਉਹ ਲੋਕ ਜੋ ਲੱਛਣ ਵਾਲੇ ਹਨ ਜਾਂ ਜੋਖ਼ਮ ਦੇ ਕਿਸੇ ਵੀ ਤਰ੍ਹਾਂ ਦੇ ਟੈੱਸਟ ਦਾ ਪਰੀਖਣ ਦੇ ਰਹੇ ਹਨ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ਉੱਤੇ ਵਧੇਰੇ ਸਲਾਹ ਲਈ ਹੈਲਥਲਾਈਨ ਨੂੰ ਕਾਲ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਹੈ ਕਿ ਆਕਲੈਂਡਰਸ ਯੂਕੇ ਵੈਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਜਿੰਨਾ ਹੋ ਸਕੇ ਘਰ ਰਹਿਣ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,382 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 2,026 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 69 ਹੈ, ਇਨ੍ਹਾਂ ‘ਚ 12 ਕੇਸ ਕਮਿਊਨਿਟੀ ਅਤੇ 57 ਕੇਸ ਬਾਰਡਰ ਦੇ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2287 ਹੋ ਗਈ ਹੈ। ਨਿਊਜ਼ੀਲੈਂਡ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ ਕੋਈ ਦਾਖ਼ਲ ਨਹੀਂ ਹੈ। ਹੁਣ ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ ਕਮਿਊਨਿਟੀ ਦਾ ਅੱਜ ਕੋਈ ਹੋਰ ਨਵਾਂ ਕੇਸ ਨਹੀਂ,...