ਵੈਲਿੰਗਟਨ, 6 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦਾ ਕਮਿਊਨਿਟੀ ਵਿੱਚੋਂ ਅੱਜ ਛੇਵੇਂ ਦਿਨ ਲਗਾਤਾਰ ਕੋਈ ਕੇਸ ਨਹੀਂ ਆਇਆ ਹੈ, ਪਰ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 9 ਨਵੇਂ ਕੇਸ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ 8 ਕੇਸ ਭਾਰਤ ਅਤੇ 1 ਕੇਸ ਅਮਰੀਕਾ ਤੋਂ ਆਇਆਂ ਦੇ ਹਨ
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਸਾਰੇ 9 ਨਵੇਂ ਕੇਸ 4 ਮਾਰਚ ਨੂੰ ਨਿਊਜ਼ੀਲੈਂਡ ਪਹੁੰਚੇ ਹਨ ਅਤੇ ਜ਼ੀਰੋ ਦਿਨ ਦੇ ਟੈੱਸਟ ਵਿੱਚ ਪਾਜ਼ੇਟਿਵ ਆਏ ਹਨ। ਮੰਤਰਾਲੇ ਨੇ ਕਿਹਾ ਭਾਰਤ ਤੋਂ ਆਏ 8 ਕੇਸ ਸੰਯੁਕਤ ਅਰਬ ਅਮੀਰਾਤ ਦੇ ਰਸਤੇ ਰਾਹੀ ਨਿਊਜ਼ੀਲੈਂਡ ਪਹੁੰਚੇ, ਜਦੋਂ ਕਿ 1 ਕੇਸ ਅਮਰੀਕਾ ਤੋਂ ਕਤਰ ਦੇ ਰਸਤੇ ਆਇਆ ਸੀ। ਸਾਰੇ ਹੁਣ ਆਕਲੈਂਡ ਦੀ ਕੁਆਰੰਟੀਨ ਸਹੂਲਤ ਜੈੱਟ ਪਾਰਕ ਹੋਟਲ ਵਿੱਚ ਹਨ।
ਜ਼ਿਕਰਯੋਗ ਹੈ ਕਿ ਇਸ ਵੇਲੇ ਆਕਲੈਂਡ ਅਲਰਟ ਲੈਵਲ 3 ਅਤੇ ਬਾਕੀ ਦੇਸ਼ ਅਲਰਟ ਲੈਵਲ 2 ਉੱਤੇ ਚੱਲ ਰਿਹਾ ਹੈ, ਜਦੋਂ ਕਿ ਹੁਣ ਕੱਲ੍ਹ ਯਾਨੀ 7 ਮਾਰਚ ਦਿਨ ਐਤਵਾਰ ਸਵੇਰੇ 6.00 ਵਜੇ ਤੋਂ ਆਕਲੈਂਡ ਅਲਰਟ ਲੈਵਲ 2 ‘ਤੇ ਅਤੇ ਦੇਸ਼ ਦਾ ਬਾਕੀ ਹਿੱਸਾ ਲੈਵਲ 1 ਦੇ ਪੱਧਰ ‘ਤੇ ਚਲਾ ਜਾਏਗਾ। ਇਸ ਨਾਲ ਆਕਲੈਂਡ ਲੌਕਡਾਉਨ ਤੋਂ ਭਾਵੇਂ ਬਾਹਰ ਆ ਜਾਵੇਗਾ ਪਰ ਅਲਰਟ ਲੈਵਲ 2 ਦੀਆਂ ਪਾਬੰਦੀਆਂ ਨਾਲ ਹਫ਼ਤੇ ਤੱਕ ਚੱਲੇਗਾ।
ਸ਼ੁੱਕਰਵਾਰ ਨੂੰ ਲੈਬਾਰਟਰੀਆਂ ਨੇ ਕੋਵਿਡ -19 ਦੇ 9,471 ਟੈੱਸਟ ਕੀਤੇ, ਪਿਛਲੇ ਹਫ਼ਤੇ ਵਿੱਚ 71,000 ਤੋਂ ਵੱਧ ਟੈੱਸਟ ਕੀਤੇ ਗਏ, ਜੋ ਕੱਲ੍ਹ ਤੱਕ ਸੱਤ ਦਿਨਾਂ ਦੀ ਰੋਲਿੰਗ ਐਵਰੇਜ਼ 10,159 ਟੈੱਸਟਾਂ ਦੀ ਹੋਈ। ਅੱਜ ਤੱਕ ਦੇਸ਼ ਭਰ ਵਿੱਚ ਲੈਬਾਰਟਰੀਆਂ ਵੱਲੋਂ ਕੀਤੇ ਟੈੱਸਟਾਂ ਦੀ ਗਿਣਤੀ 1,772,480 ਹੋ ਗਈ ਹੈ।
ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,398 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਜਿਨ੍ਹਾਂ ਵਿੱਚੋਂ 2,042 ਕੰਨਫ਼ਰਮ ਕੇਸ ਹਨ। ਇਸ ਵੇਲੇ ਕੁੱਲ ਐਕਟਿਵ ਕੇਸਾਂ ਦੀ ਗਿਣਤੀ 71 ਹੈ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2301 ਹੋ ਗਈ ਹੈ। ਦੇਸ਼ ‘ਚ ਕੱਲ੍ਹ 6 ਕੇਸ ਰਿਕਵਰ ਹੋਏ ਹਨ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੋ ਗਈ ਹੈ।
Home Page ਕੋਵਿਡ -19: ਨਿਊਜ਼ੀਲੈਂਡ ‘ਚ 9 ਨਵੇਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਆਏ, ਜਿਨ੍ਹਾਂ...