ਕੋਵਿਡ -19: ਨਿਊਜ਼ੀਲੈਂਡ ਨੇ ਵੱਧ ਜੋਖ਼ਮ ਵਾਲੇ 4 ਦੇਸਾਂ ‘ਤੇ ਲਾਈ ਅਸਥਾਈ ਤੌਰ ‘ਤੇ ਰੋਕ, ਪਰਮਾਨੈਂਟ ਰੈਜ਼ੀਡੈਂਟ ਵਾਲਿਆਂ ਦਾ ਆਉਣਾ ਹਾਲੇ ਔਖਾ

ਵੈਲਿੰਗਟਨ, 23 ਅਪ੍ਰੈਲ – ਦੇਸ਼ ਦੀ ਸਰਹੱਦ ਨੂੰ ਵਧੇਰੇ ਸੁਰੱਖਿਅਤ ਰੱਖ ਅਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਦੇਸ਼ ਨੂੰ ਬਣਾਉਣ ਲਈ ਸਰਕਾਰ ਦੇ ਨਵੇਂ ਐਲਾਨ ਮੁਤਾਬਿਕ ਹੁਣ “ਬਹੁਤ ਜ਼ਿਆਦਾ ਜੋਖ਼ਮ ਵਾਲੇ ਦੇਸ਼ਾਂ” ਤੋਂ ਨਿਊਜ਼ੀਲੈਂਡ ਦੀ ਯਾਤਰਾ ਕਰਨ ਉੱਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਨਵੇਂ ਨਿਯਮ 28 ਅਪ੍ਰੈਲ ਦਿਨ ਬੁੱਧਵਾਰ ਨੂੰ ਰਾਤ 11.59 ਵਜੇ ਤੋਂ ਲਾਗੂ ਹੋਵੇਗੀ। ਉਸੇ ਦਿਨ ਨਿਊਜ਼ੀਲੈਂਡ ਸਰਕਾਰ ਵੱਲੋਂ ਭਾਰਤ ਤੋਂ ਉਡਾਣਾਂ ‘ਤੇ ਅਸਥਾਈ ਤੌਰ ‘ਤੇ 11 ਅਪ੍ਰੈਲ ਤੋਂ ਲਗਾਈ ਹੋਈ ਪਾਬੰਦੀ ਖ਼ਤਮ ਹੋਣ ਵਾਲੀ ਹੈ।
ਅੱਜ ਸ਼ੁੱਕਰਵਾਰ ਨੂੰ ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਐਲਾਨ ਕੀਤਾ ਕਿ ਸਰਕਾਰ ਨੇ ਇਕ ਨਵੀਂ ‘ਬਹੁਤ ਜ਼ਿਆਦਾ ਜੋਖ਼ਮ ਵਾਲਾ ਦੇਸ਼’ ਸ਼੍ਰੇਣੀ ਬਣਾਈ ਹੈ, ਜਿਸ ਨਾਲ ਨਿਊਜ਼ੀਲੈਂਡ ਜਾਣ ਵਾਲੇ ਸੰਕਰਮਿਤ ਲੋਕਾਂ ਦੀ ਗਿਣਤੀ ਨੂੰ ਘੱਟ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਭਾਰਤ, ਬ੍ਰਾਜ਼ੀਲ, ਪਾਪੁਆ ਨਿਊਗਿਨੀ ਅਤੇ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਜੋਖ਼ਮ ਵਾਲੇ ਦੇਸ਼ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਦੇਸ਼ਾਂ ਤੋਂ ਇਸ ਸਾਲ ਨਿਊਜ਼ੀਲੈਂਡ ਆਉਣ ਵਾਲੇ ਪ੍ਰਤੀ 1000 ਕੋਵਿਡ -19 ਦੇ 50 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਜਿੱਥੇ ਹਰ ਮਹੀਨੇ 15 ਤੋਂ ਵੱਧ ਯਾਤਰੀਆਂ ਦੇ ਮਾਮਲੇ ਹਨ।
ਨਤੀਜੇ ਵਜੋਂ ਇਨ੍ਹਾਂ 4 ਦੇਸ਼ਾਂ ਦੇ ਯਾਤਰੀਆਂ ਤੇ ਪਰਮਾਨੈਂਟ ਰੈਜ਼ੀਡੈਂਟ ਵਾਲਿਆਂ ਉੱਤੇ ਅਸਥਾਈ ਤੌਰ ‘ਤੇ ਰੋਕ ਲਗਾਈ ਗਈ ਹੈ। ਜਦੋਂ ਕਿ ਨਿਊਜ਼ੀਲੈਂਡ ਸਿਟੀਜ਼ਨਸ, ਉਨ੍ਹਾਂ ਦੇ ਪਾਰਟਨਰਸ ਅਤੇ ਬੱਚਿਆਂ, ਅਤੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਇਨ੍ਹਾਂ ਦੇਸ਼ਾਂ ਤੋਂ ਯਾਤਰਾ ਕਰਨ ਦੇ ਯੋਗ ਹੋਣਗੇ।
ਉਨ੍ਹਾਂ ਕਿਹਾ ਕਿ ਚਾਰਾਂ ਦੇਸ਼ਾਂ ‘ਚੋਂ ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜ਼ੀਡੈਂਟ ਹਾਲੇ ਵੀ ਨਿਊਜ਼ੀਲੈਂਡ ਆਉਣ ਦੇ ਯੋਗ ਹੋਣਗੇ, ਪਰ ਨਿਊਜ਼ੀਲੈਂਡ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਘੱਟੋ-ਘੱਟ 14 ਦਿਨ ਗ਼ੈਰ-ਬਹੁਤ ਜ਼ਿਆਦਾ ਜੋਖ਼ਮ ਵਾਲੇ ਦੇਸ਼ ਵਿੱਚ ਬਿਤਾਉਣੇ ਪੈਣਗੇ।
ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਇਸ ਵੇਲੇ ਇਕੱਲੇ ਭਾਰਤ ਤੋਂ ਜਿੱਥੇ ਇਸ ਸਮੇਂ ਪ੍ਰਤੀ ਦਿਨ 200,000 ਤੋਂ ਵੱਧ ਨਵੇਂ ਕੇਸ ਆ ਰਹੇ ਹਨ, ਇਹ ਰੋਕ ਨਾਲ ਨਿਊਜ਼ੀਲੈਂਡ ਆਉਣ ਵਾਲੇ ਸੰਭਾਵਿਤ ਸਕਾਰਾਤਮਿਕ ਮਾਮਲਿਆਂ ਦੀ ਸੰਭਾਵਨਾ ਵਿੱਚ ਅੰਦਾਜ਼ਨ 75% ਦੀ ਕਮੀ ਆਉਣ ਦੀ ਉਮੀਦ ਹੈ।
ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 80 ਹੈ। ਦੇਸ਼ ਵਿੱਚ ਕੋਵਿਡ -19 ਦੇ ਹੁਣ ਕੁੱਲ ਮਿਲਾ ਕੇ 2,600 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਦੀ ਗਿਣਤੀ ਹੋ ਗਈ ਹੈ। ਇਨ੍ਹਾਂ ਵਿੱਚੋਂ ਕੰਨਫ਼ਰਮ ਕੇਸਾਂ ਦੀ ਗਿਣਤੀ 2244 ਹੈ। ਜਦੋਂ ਕਿ ਇਸ ਵੇਲੇ ਦੇਸ਼ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 32 ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਕੱਲ੍ਹ 48 ਕੇਸ ਰਿਕਵਰ ਹੋਏ ਹਨ ਅਤੇ ਇਸ ਨਾਲ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2542 ਹੋ ਗਈ ਹੈ। ਕੋਵਿਡ -19 ਨਾਲ 1 ਵਿਅਕਤੀ ਹਸਪਤਾਲ ਵਿੱਚ ਭਰਤੀ ਹੈ। ਦੇਸ਼ ‘ਚ ਕੋਵਿਡ -19 ਨਾਲ ਮੌਤਾਂ ਦੀ ਗਿਣਤੀ 26 ਹੈ।