ਕੋਵਿਡ -19: ਭਾਰਤ ‘ਚ ਇਕ ਦਿਨ ਵਿੱਚ ਰਿਕਾਰਡ 1.15 ਲੱਖ ਨਵੇਂ ਕੇਸ

ਨਵੀਂ ਦਿੱਲੀ, 8 ਅਪ੍ਰੈਲ – 7 ਅਪ੍ਰੈਲ ਨੂੰ ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 1.15 ਲੱਖ ਨਵੇਂ ਮਰੀਜ਼ ਸਾਹਮਣੇ ਆਏ ਹਨ। ਦੇਸ਼ ਭਰ ਵਿੱਚ ਕੋਰੋਨਾ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।
ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਨਵੇਂ ਕੇਸਾਂ ਨੂੰ ਮਿਲਾ ਕੇ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 1,28,01,785 ਹੋ ਗਈ ਹੈ। ਬੀਤੇ ਤਿੰਨ ਦਿਨਾਂ ਵਿੱਚ ਦੂਜੀ ਵਾਰ ਕੋਰੋਨਾ ਦੇ ਇਕ ਦਿਨ ਵਿੱਚ 1 ਲੱਖ ਤੋਂ ਵਧ ਕੇਸ ਸਾਹਮਣੇ ਆਏ ਹਨ। ਇਕ ਦਿਨ ਵਿੱਚ 1,15,736 ਨਵੇਂ ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ 630 ਵਿਅਕਤੀਆਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 1,66,177 ਹੋ ਗਈ ਹੈ। ਮੰਗਲਵਾਰ ਨੂੰ ਸਰਕਾਰ ਨੇ ਕਿਹਾ ਸੀ ਕਿ ਆਉਣ ਵਾਲੇ ਚਾਰ ਹਫ਼ਤੇ ਬਹੁਤ ਅਹਿਮ ਹਨ। ਸਰਕਾਰ ਨੇ ਕੋਰੋਨਾ ਦੀ ਲਾਗ ਨੂੰ ਵਧਣ ਤੋਂ ਰੋਕਣ ਲਈ ਲੋਕਾਂ ਦੇ ਸਹਿਯੋਗ ‘ਤੇ ਜ਼ੋਰ ਦਿੱਤਾ ਸੀ। ਦੇਸ਼ ਦੇ ਕਈ ਸੂਬਿਆਂ ਵਿੱਚ ਰਾਤ ਦਾ ਕਰਫ਼ਿਊ ਲਗਾਇਆ ਗਿਆ ਹੈ।