ਕੋਵਿਡ -19: ਭਾਰਤ ‘ਚ ਇੱਕੋ ਦਿਨ ‘ਚ ਰਿਕਾਰਡ 2 ਲੱਖ ਤੋਂ ਵੱਧ ਨਵੇਂ ਕੇਸ, 1 ਹਜ਼ਾਰ ਤੋਂ ਵੱਧ ਮੌਤਾਂ

ਨਵੀਂ ਦਿੱਲੀ, 16 ਅਪ੍ਰੈਲ – ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ ਤੋਂ ਵੱਧ ਕੇਸਾਂ ਦੇ ਮਾਮਲੇ ‘ਚ ਅਮਰੀਕਾ ਪਹਿਲੇ ਨੰਬਰ ਉੱਤੇ ਹੈ ਜਦੋਂ ਕਿ ਉਸ ਤੋਂ ਬਾਅਦ ਭਾਰਤ ਦੂਜੇ ਅਤੇ ਬ੍ਰਾਜ਼ੀਲ ਤੀਜੇ ਨੰਬਰ ਉੱਤੇ ਹੈ।
ਦੇਸ਼ ਭਰ ‘ਚ ਕੋਰੋਨਾਵਾਇਰਸ ਨਾਲ ਹਾਲਾਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿੱਚ ਦੇਸ਼ ‘ਚ ਕੋਰੋਨਾ ਦੇ 2.16 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਇੱਕੋ ਦਿਨ ‘ਚ 2,16,624 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕੇਸਾਂ ਦੀ ਗਿਣਤੀ ਵਧ ਕੇ 14,287,740 ਹੋ ਗਈ ਹੈ ਅਤੇ ਐਕਟਿਵ ਮਾਮਲੇ ਵੱਧ ਕੇ 15,63,588 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 1,182 ਹੋਰ ਮੌਤਾਂ ਹੋਣ ਨਾਲ ਕੋਰੋਨਾਵਾਇਰਸ ਕਾਰਣ ਮ੍ਰਿਤਕਾਂ ਦਾ ਅੰਕੜਾ ਵਧ ਕੇ 1,74,335 ਹੋ ਗਿਆ ਹੈ। ਅੰਕੜਿਆਂ ਮੁਤਾਬਿਕ ਦੇਸ਼ ‘ਚ ਹੁਣ ਤੱਕ 12,543,978 ਮਰੀਜ਼ ਇਸ ਤੋਂ ਰਿਕਵਰ ਹੋ ਚੁੱਕੇ ਹਨ।