ਕੋਵਿਡ -19: ਭਾਰਤ ‘ਚ ਰਿਕਾਰਡ 2 ਲੱਖ 94 ਹਜ਼ਾਰ ਤੋਂ ਵੱਧ ਨਵੇਂ ਕੇਸ, 2,020 ਲੋਕਾਂ ਦੀਆਂ ਮੌਤਾਂ

ਨਵੀਂ ਦਿੱਲੀ, 21 ਅਪ੍ਰੈਲ – ਦੁਨੀਆ ਭਰ ਵਿੱਚ ਫੈਲੇ ਕੋਵਿਡ -19 ਦੇ ਸਭ ਤੋਂ ਵੱਧ ਕੇਸਾਂ ਦੇ ਮਾਮਲੇ ‘ਚ ਅਮਰੀਕਾ ਪਹਿਲੇ ਨੰਬਰ ਉੱਤੇ ਹੈ ਜਦੋਂ ਕਿ ਉਸ ਤੋਂ ਬਾਅਦ ਭਾਰਤ ਦੂਜੇ ਅਤੇ ਬ੍ਰਾਜ਼ੀਲ ਤੀਜੇ ਨੰਬਰ ਉੱਤੇ ਹੈ।
ਦੇਸ਼ ਭਰ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਹਾਲਾਤ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਭਾਰਤ ਨਵੇਂ ਕੋਰੋਨਾ ਦੇ ਮਾਮਲਿਆਂ ਵਿੱਚ ਦੁਨੀਆ ਵਿੱਚ ਸਭ ਤੋਂ ਅੱਗੇ ਹੈ, ਦੇਸ਼ ਦੇ ਹਾਲਾਤ ਇੰਨੇ ਮਾੜੇ ਹਨ ਕਿ ਦੁਨੀਆ ਵਿੱਚ ਹਰ ਚਾਰ ਵਿੱਚੋਂ ਇੱਕ ਕੋਰੋਨਾ ਸੰਕਰਮਤ ਵਿਅਕਤੀ ਭਾਰਤ ਤੋਂ ਸਾਹਮਣੇ ਆ ਰਿਹਾ ਹੈ। ਕੋਰੋਨਾ ਨਾਲ ਪਿਛਲੇ 24 ਘੰਟਿਆਂ ਦੌਰਾਨ ਦੇਸ਼ ‘ਚ ਕੋਰੋਨਾ ਦੇ 2.94 ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਇੱਕੋ ਦਿਨ ‘ਚ 2,94,115 ਨਵੇਂ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਕੇਸਾਂ ਦੀ ਗਿਣਤੀ ਵਧ ਕੇ 15,616,130 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 2,020 ਹੋਰ ਮੌਤਾਂ ਹੋਣ ਨਾਲ ਕੋਰੋਨਾਵਾਇਰਸ ਕਾਰਣ ਮ੍ਰਿਤਕਾਂ ਦਾ ਅੰਕੜਾ ਵਧ ਕੇ 1,82,570 ਹੋ ਗਿਆ ਹੈ। ਅੰਕੜਿਆਂ ਮੁਤਾਬਿਕ ਦੇਸ਼ ‘ਚ ਹੁਣ ਤੱਕ 13,276,039 ਮਰੀਜ਼ ਇਸ ਤੋਂ ਰਿਕਵਰ ਹੋ ਚੁੱਕੇ ਹਨ।