ਕੋਵਿਡ -19 ਲੌਕਡਾਉਨ: ਵ੍ਹਾਈਟ, ਮਾਈਟੀ, ਟਵੀਟੀ ਅਤੇ ਬਲੂਏ ਨੂੰ ਫੁੱਲਾਂ ਰਾਹੀ ਸ਼ਰਧਾਂਜਲੀ

ਪਾਪਾਟੋਏਟੋਏ (ਆਕਲੈਂਡ), 29 ਅਗਸਤ – ਕੋਵਿਡ -19 ਲੌਕਡਾਉਨ ਦੇ ਚੱਲਦਿਆਂ ਭਾਵੇਂ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਪਰ ਚੋਰ ਆਪਣੀ ਕਾਰਵਾਈਆਂ ਵਿੱਚ ਲੱਗੇ ਹੋਏ ਹਨ। ਕੱਲ੍ਹ 28 ਅਗਸਤ ਦਿਨ ਸ਼ਨੀਵਾਰ ਨੂੰ ਲਗਭਗ 11.45 ਵਜੇ ਪਾਪਾਟੋਏਟੋਏ ਵੈਸਟ ਸਕੂਲ ਵਿੱਚ ਚੋਰਾਂ ਨੇ ਫੈਂਸ ਟੱਪ ਕੇ ਉੱਥੇ ਰੱਖੀਆਂ 4 ਮੁਰਗ਼ੀਆਂ ਵ੍ਹਾਈਟ, ਮਾਈਟੀ, ਟਵੀਟੀ ਅਤੇ ਬਲੂਏ ਨੂੰ ਚੋਰੀ ਕਰਕੇ ਫ਼ਰਾਰ ਹੋ ਗਏ ਪਰ ਉਨ੍ਹਾਂ ਦੀ ਚੋਰੀ ਕਰਦਿਆਂ ਦੀ ਇਹ ਹਰਕਤ ਗਵਾਂਢੀਆਂ ਦੇ ਮੋਬਾਈਲਾਂ, ਸਕੂਲ ਦੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈਆਂ। ਰਾਹ ਜਾਂਦੇ ਗੱਡੀ ਵਾਲੇ ਰਾਹਗੀਰ ਨੇ ਵੀ ਪੁਲਿਸ ਨੂੰ ਸੂਚਿਤ ਕੀਤਾ। 4 ਮੁਰਗ਼ੀਆਂ ਵ੍ਹਾਈਟ, ਮਾਈਟੀ, ਟਵੀਟੀ ਅਤੇ ਬਲੂਏ ਦੀ ਦੇਖਭਾਲ ਕਰਨ ਵਾਲੀ ਟੀਚਰ ਲੀਜ਼ਾ ਡੈਲਜ਼ਲੀ ਨੂੰ ਦੱਸਿਆ ਤਾਂ ਉਹ ਮਿੰਟਾਂ ਵਿੱਚ ਹੀ ਸਕੂਲ ਪਹੁੰਚ ਗਈ। ਚਾਰੇ ਮੁਰਗ਼ੀਆਂ ਨੂੰ ਨਾ ਵੇਖ ਕੇ ਉਸ ਦੇ ਹੰਝੂ ਬਹਿ ਨਿਕਲੇ, ਕਿਉਂਕਿ ਇਹ ਚਾਰੇ ਮੁਰਗ਼ੀਆਂ ਸਕੂਲ ਪ੍ਰੋਗਰਾਮ ਦਾ ਹਿੱਸਾ ਸਨ। ਜਿੱਥੇ ਬੱਚਿਆਂ ਨੂੰ ਉਨ੍ਹਾਂ ਦੀ ਦੇਖਭਾਲ, ਉਨ੍ਹਾਂ ਨੂੰ ਖੁਆਉਣਾ ਅਤੇ ਨਾਲ ਹੀ ਉਨ੍ਹਾਂ ਦੇ ਅੰਡੇ ਇਕੱਠੇ ਕਰਨੇ ਸਿਖਾਇਆ ਜਾਂਦਾ ਹੈ। ਵਿਦਿਆਰਥੀਆਂ ਨੇ ਵਿਗਿਆਨ ਕਲਾਸਾਂ ਦੇ ਹਿੱਸੇ ਵਜੋਂ ਉਨ੍ਹਾਂ ਲਈ ਸਵਿੰਗ ਬਣਾਉਣ ਵਿੱਚ ਵੀ ਸਹਾਇਤਾ ਕੀਤੀ, ਸਕੂਲ ਨੇ ਕਿਹਾ ਕਿ ਉਹ ਚਾਰੇ ਮੁਰਗ਼ੀਆਂ ਸਕੂਲ ਪਰਿਵਾਰ ਦਾ ਹਿੱਸਾ ਸਨ। ਸਕੂਲ ਦੀ ਪ੍ਰਿੰਸੀਪਲ ਡਾਇਨਾ ਟ੍ਰੇਗੋਵੇਥ ਨੇ ਸਥਾਨਕ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਸੇ ਵੇਲੇ ਮੁਰਗ਼ੀਆਂ ਦੀ ਚੋਰੀ ਬਾਰੇ ਪਤਾ ਲੱਗਾ, ਜਿਸ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ।
ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਉਨ੍ਹਾਂ ਦੋਵੇਂ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ‘ਚੋਂ ਇੱਕ ਦੀ ਉਮਰ 32 ਅਤੇ ਦੂਜੇ ਦੀ ਉਮਰ 37 ਸਾਲ ਹੈ। ਪਰ ਚਾਰੇ ਮੁਰਗ਼ੀਆਂ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਚਾਰੇ ਮੁਰਗ਼ੀਆਂ ਬਾਰੇ ਜਾਂਚ ਜਾਰੀ ਹੈ। ਦੋਵਾਂ ਵਿਅਕਤੀਆਂ ‘ਤੇ ਸਾਂਝੇ ਤੌਰ ‘ਤੇ ਚੋਰੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਮੈਨੂਕਾਓ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਨੂੰ ਕੋਵਿਡ -19 ਅਲਰਟ ਲੈਵਲ 4 ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਲਈ ਉਲੰਘਣਾ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਸਥਾਨਕ ਭਾਈਚਾਰੇ ਨੂੰ ਵ੍ਹਾਈਟ, ਮਾਈਟੀ, ਟਵੀਟੀ ਅਤੇ ਬਲੂਏ ਦੇ ਚੋਰੀ ਹੋਣ ਦਾ ਬਹੁਤ ਦੁੱਖ ਹੈ ਅਤੇ ਸਕੂਲ ‘ਚ ਪੜ੍ਹਦੇ ਬੱਚੇ ਤੇ ਉਨ੍ਹਾਂ ਦੇ ਮਾਪੇ ਵ੍ਹਾਈਟ, ਮਾਈਟੀ, ਟਵੀਟੀ ਅਤੇ ਬਲੂਏ ਨੂੰ ਉਨ੍ਹਾਂ ਦੇ ਰਹਿਣ ਵਾਲੇ ਸਥਾਨ ਦੀ ਫੈਂਸ ਉੱਤੇ ਫੁੱਲਾਂ ਰਾਹੀ ਸ਼ਰਧਾਂਜਲੀ ਦੇ ਰਹੇ ਹਨ।
ਕੋਵਿਡ -19 ਲੌਕਡਾਉਨ ਦੌਰਾਨ ਤੀਜੀ ਵਾਰ ਚੋਰਾਂ ਵੱਲੋਂ ਸਕੂਲ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਸਾਊਥ ਆਕਲੈਂਡ ਸਕੂਲ ਦਾ ਭਾਈਚਾਰਾ ਦੁਖੀ ਹੈ। ਗੌਰਤਲਬ ਹੈ ਕਿ ਇਹ ਤੀਜੀ ਵਾਰ ਹੈ ਜਦੋਂ ਕੋਵਿਡ -19 ਲੌਕਡਾਉਨ ਦੌਰਾਨ ਪਾਪਾਟੋਏਟੋਏ ਵੈਸਟ ਸਕੂਲ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਪਿਛਲੇ ਸਾਲ ਇਸ ਦਾ ਸਵਿਮਿੰਗ ਪੂਲ ਤੋੜਿਆ ਗਿਆ ਸੀ। ਪੰਪ, ਰਸਾਇਣ ਅਤੇ ਪੂਲ ਦੀ ਸਫ਼ਾਈ ਕਰਨ ਵਾਲੀ ਮਸ਼ੀਨ ਚੋਰੀ ਹੋ ਗਈ। ਜਦੋਂ ਕਿ ਪਿਛਲੇ ਹਫ਼ਤੇ ਸਕੂਲ ‘ਚ ਭੰਨਤੋੜ ਦੀ ਖ਼ਬਰ ਵੀ ਸੀ
ਸਥਾਨਕ ਭਾਈਚਾਰੇ ਵੱਲੋਂ ਕੋਵਿਡ -19 ਲੌਕਡਾਉਨ ਦੌਰਾਨ ਚੋਰੀ ਅਤੇ ਹੋਰ ਵਾਰਦਾਤਾਂ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ, ਭਾਈਚਾਰੇ ਦਾ ਅਜਿਹਾ ਮੰਨਣਾ ਹੈ ਕਿ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਲੱਗ ਰਹੇ ਹਨ ਭਾਵੇਂ ਪੁਲਿਸ ਆਪਣੀ ਕਰਵਾਈ ਵਿੱਚ ਲੱਗੀ ਹੋਈ ਹੈ।