ਕੋਵਿਡ-19: ਸਿਖਲਾਈ ਪ੍ਰਾਪਤ ਕੁੱਤੇ ਕੋਰੋਨਾ ਦੀ ਲਾਗ ਦਾ ਪਤਾ ਲਾ ਸਕਦੇ ਹਨ

ਲੰਡਨ, 24 ਮਈ – ਕੋਰੋਨਾਵਾਇਰਸ ਲਾਗ ਤੋਂ ਪੀੜਤ ਲੋਕਾਂ ਦੇ ਸ਼ਰੀਰ ਤੋਂ ਵੱਖ ਤਰ੍ਹਾਂ ਦੀ ਗੰਧ ਆਉਂਦੀ ਹੈ ਜਿਸ ਦਾ ਸਿਖਲਾਈ ਪ੍ਰਾਪਤ ਕੁੱਤੇ ਸਟੀਕ ਪਤਾ ਲਾ ਸਕਦੇ ਹਨ। ਇਹ ਦਾਅਵਾ ਬ੍ਰਿਟੇਨ ’ਚ ਹੋਈ ਇਕ ਨਵੀਂ ਖੋਜ ’ਚ ਕੀਤਾ ਗਿਆ ਹੈ। ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੌਪੀਕਲ ਮੈਡੀਸਿਨ (ਐੱਲਐੱਸਐੱਚਟੀਐੱਮ) ਨੇ ਇਹ ਖੋਜ ਚੈਰਿਟੀ ਮੈਡੀਕਲ ਡਿਟੈਕਸ਼ਨ ਡੌਗਜ਼ ਐਂਡ ਦਰਹਾਮ ਯੂਨੀਵਰਸਿਟੀ ਨਾਲ ਮਿਲ ਕੇ ਕੀਤੀ ਹੈ। ਇਸ ਨੂੰ ਆਪਣੀ ਤਰ੍ਹਾਂ ਦਾ ਮੁਕੰਮਲ ਅਧਿਐਨ ਕਰਾਰ ਦਿੱਤਾ ਗਿਆ ਹੈ ਜਿਸ ਨੂੰ ਕੁੱਤਿਆਂ ਦੀ ਸਿਖਲਾਈ, ਗੰਧ ਵਿਸ਼ਲੇਸ਼ਣ ਅਤੇ ਮਾਡਲਿੰਗ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਹੈ। ਖ਼ੋਜੀਆਂ ਨੇ ਪਾਇਆ ਕਿ ਵਿਸ਼ੇਸ਼ ਢੰਗ ਨਾਲ ਸਿਖਲਾਈ ਪ੍ਰਾਪਤ ਕੁੱਤੇ ਬਿਮਾਰੀ ਨੂੰ 94.3% ਤੱਕ ਸੰਵੇਦਨਸ਼ੀਲਤਾ ਅਤੇ 92% ਸਟੀਕਤਾ ਨਾਲ ਪਤਾ ਲਗਾ ਲੈਂਦੇ ਹਨ।
ਪਿਛਲੇ ਹਫ਼ਤੇ ਪ੍ਰਕਾਸ਼ਿਤ ਖੋਜ ਪੱਤਰ ਮੁਤਾਬਿਕ ਕੁੱਤੇ ਬਿਨਾਂ ਲੱਛਣ ਵਾਲੇ ਵਿਅਕਤੀਆਂ ’ਚ ਲਾਗ ਦਾ ਪਤਾ ਲਗਾਉਣ ਦੇ ਨਾਲ ਨਾਲ ਕੋਰੋਨਾਵਾਇਰਸ ਦੀਆਂ ਕਿਸਮਾਂ ’ਚ ਵੀ ਫ਼ਰਕ ਕਰਨ ਦੇ ਸਮਰੱਥ ਹਨ। ਐੱਲਐੱਸਐੱਚਟੀਐੱਮ ’ਚ ਰੋਗ ਕੰਟਰੋਲ ਵਿਭਾਗ ਦੇ ਮੁਖੀ ਪ੍ਰੋਫੈਸਰ ਜੇਮਸ ਲੋਗਾਨ ਨੇ ਕਿਹਾ,‘‘ਨਵੀਂ ਤਰ੍ਹਾਂ ਦੇ ਵਾਇਰਸ ਦੇ ਮੁਲਕ ’ਚ ਦਾਖ਼ਲ ਹੋਣ ਦੇ ਖ਼ਤਰੇ ਕਾਰਨ ਉਨ੍ਹਾਂ ਦੀ ਜਾਂਚ ’ਚ ਕੁਝ ਸਮੇਂ ਲਈ ਅੜਿੱਕਾ ਪੈਦਾ ਹੋ ਸਕਦਾ ਹੈ। ਅਜਿਹੇ ’ਚ ਕੁੱਤੇ ਅਹਿਮ ਭੂਮਿਕਾ ਨਿਭਾ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਅਜੇ ਹੋਰ ਅਧਿਐਨ ਕਰਨ ਦੀ ਲੋੜ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਅਸਲ ਮਾਹੌਲ ’ਚ ਕੁੱਤੇ ਇਨ੍ਹਾਂ ਨਤੀਜਿਆਂ ਨੂੰ ਦੁਹਰਾ ਸਕਦੇ ਹਨ ਜਾਂ ਨਹੀਂ ਪਰ ਇਹ ਖੋਜ ਉਤਸ਼ਾਹਜਨਕ ਹੈ।
ਖ਼ੋਜੀਆਂ ਨੇ ਦੱਸਿਆ ਕਿ ਮੈਡੀਕਲ ਡਿਟੈਕਸ਼ਨ ਡੌਗਜ਼ ਦੀ ਟੀਮ ਨੇ ਕੋਵਿਡ-19 ਦੀ ਪਛਾਣ ਕਰਨ ਲਈ ਕੁੱਤਿਆਂ ਨੂੰ ਸਿਖਲਾਈ ਦਿੱਤੀ। ਇਸ ਦੌਰਾਨ ਸ਼ਰੀਰ ਦੀ ਗੰਧ ਦੀ ਵਰਤੋਂ ਕੀਤੀ ਗਈ ਜਿਸ ਲਈ ਰਾਸ਼ਟਰੀ ਸਿਹਤ ਸੇਵਾ ਨੇ ਮਾਸਕ, ਜੁਰਾਬਾਂ ਅਤੇ ਟੀ-ਸ਼ਰਟਾਂ ਭੇਜੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ’ਚ 3,758 ਨਮੂਨੇ ਇਕੱਤਰ ਕੀਤੇ ਗਏ ਅਤੇ ਜਾਂਚ ਲਈ 325 ਪਾਜ਼ੇਟਿਵ ਅਤੇ 675 ਨੈਗੇਟਿਵ ਨਮੂਨਿਆਂ ਨੂੰ ਟੈਸਟਿੰਗ ਲਈ ਚੁਣਿਆ ਗਿਆ। ਮੈਡੀਕਲ ਡਿਟੈਕਸ਼ਨ ਡੌਗਜ਼ ਦੇ ਮੁੱਖ ਸਾਇੰਟਿਫਿਕ ਅਫ਼ਸਰ ਡਾਕਟਰ ਕਲੇਅਰ ਗੈਸਟ ਨੇ ਕਿਹਾ ਕਿ ਅਧਿਐਨ ਤੋਂ ਸਪਸ਼ਟ ਹੈ ਕਿ ਕੁੱਤੇ ਕਰਨਾ ਖ਼ਿਲਾਫ਼ ਜੰਗ ’ਚ ਸਹਾਇਤਾ ਕਰ ਸਕਦੇ ਹਨ।