ਬਠਿੰਡਾ, 3 ਅਗਸਤ – ਇੱਥੇ 2 ਅਗਸਤ ਦਿਨ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੇ ਕਰੀਬ ਇੱਕ ਤਿਹਾਈ ਬਾਗ਼ੀ ਵਿਧਾਇਕਾਂ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਰੈਲੀ ਕਰਕੇ ਆਪਣੀ ਹੀ ਪਾਰਟੀ ਵਿਰੁੱਧ ਮਜ਼ਬੂਤ ਸ਼ਕਤੀ ਦਾਪ੍ਰਧਰਸ਼ਨ ਕੀਤਾ ਅਤੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਖ਼ਿਲਾਫ਼ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ ਜਿਸ ਨਾਲ ਪੰਜਾਬ ‘ਚ ਹੁਣ ‘ਆਪ’ ਦੇ ਦੁਫਾੜ ਹੋਣ ਦਾ ਮੁੱਢ ਬਝ ਗਿਆ ਹੈ। ਖਹਿਰਾ ਧੜੇ ਨੇ ਅੱਜ ‘ਆਪ’ ਦੀ ਹਾਈਕਮਾਨ ਨੂੰ ਸਿੱਧੀ ਚੁਣੌਤੀ ਦੇ ਕੇ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਿਆਰ ਐਲਾਨ ਦਿੱਤਾ। ਬਠਿੰਡਾ ਰੈਲੀ ਨੂੰ ਵੱਡਾ ਹੁੰਗਾਰਾ ਮਿਲਣ ਮਗਰੋਂ ਬਾਗ਼ੀ ਧੜੇ ਨੇ ਦਿੱਲੀ ਪ੍ਰਤੀ ਆਪਣੇ ਤੇਵਰ ਤਿੱਖੇ ਕਰ ਲਏ। ਬਾਗ਼ੀ ਧੜੇ ਨੇ ਹਾਈ ਕਮਾਨ ਨੂੰ ਦੋ ਟੁੱਕ ਲਫ਼ਜ਼ਾਂ ‘ਚ ਸੁਨੇਹਾ ਦਿੱਤਾ ਕਿ ਪੰਜਾਬ ਨੂੰ ਹੁਣ ਹਾਈਕਮਾਨ ਦੇ ਫ਼ੈਸਲੇ ਮਨਜ਼ੂਰ ਨਹੀਂ। ਬਠਿੰਡਾ ਰੈਲੀ ‘ਚ ਸੁਖਪਾਲ ਸਿੰਘ ਖਹਿਰਾ ਸਮੇਤ ਸੱਤ ‘ਆਪ’ ਵਿਧਾਇਕਾਂ ਨੇ ਹਾਜ਼ਰੀ ਭਰੀ ਅਤੇ ਹਾਈ ਕਮਾਨ ਖ਼ਿਲਾਫ਼ ਭੜਾਸ ਕੱਢੀ। ਕਰੀਬ ਤਿੰਨ ਘੰਟੇ ਚੱਲੇ ਤਿੱਖੇ ਭਾਸ਼ਣਾਂ ਮੌਕੇ ਨਾਅਰੇ ਵੀ ਗੂੰਜਦੇ ਰਹੇ ਪ੍ਰੰਤੂ ‘ਆਪ’ ਦੇ ਦੋ ਤਿਹਾਈ ਵਿਧਾਇਕਾਂ ਵੱਲੋਂ ਰੈਲੀ ਤੋਂ ਦੂਰੀ ਬਣਾਈ ਰੱਖੀ। ਰੈਲੀ ਦੇ ਅਖੀਰ ‘ਚ ਛੇ ਮਤੇ ਪਾਸ ਕੀਤੇ ਗਏ ਜਿਨ੍ਹਾਂ ਲਈ ਜੁੜੇ ਇਕੱਠ ਤੋਂ ਹੱਥ ਖੜ੍ਹੇ ਕਰਾ ਕੇ ਪ੍ਰਵਾਨਗੀ ਲਈ ਗਈ।
ਬਾਗ਼ੀ ਧੜੇ ਨੇ ਮਤਾ ਪਾਸ ਕਰਕੇ ‘ਆਪ’ ਦਾ ਪੰਜਾਬ ਯੂਨਿਟ ਭੰਗ ਕਰਕੇ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ ਅਤੇ ਪੰਜਾਬ ਯੂਨਿਟ ਨੂੰ ਖ਼ੁਦਮੁਖ਼ਤਿਆਰ ਬਣਾਉਣ ਦਾ ਫ਼ੈਸਲਾ ਕੀਤਾ। ਬਾਗ਼ੀ ਵਿਧਾਇਕਾਂ ਨੇ ਮਤਾ ਪਾਸ ਕਰਕੇ ‘ਆਪ’ ਵੱਲੋਂ ਐਲਾਨੇ ਨਵਂ ਵਿਰੋਧੀ ਧਿਰ ਦੇ ਆਗੂ ਦੀ ਨਿਯੁਕਤੀ ਨੂੰ ਖ਼ਾਰਜ ਕਰਕੇ ਹਾਈ ਕਮਾਨ ਨੂੰ ਅਲਟੀਮੇਟਮ ਦਿੱਤਾ ਕਿ ਹਫ਼ਤੇ ਦੇ ਅੰਦਰ ‘ਆਪ’ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਵਿਰੋਧੀ ਧਿਰ ਦੇ ਨਵੇਂ ਆਗੂ ਦੀ ਚੋਣ ਕੀਤੀ ਜਾਵੇ। ਬਾਗ਼ੀ ਧੜੇ ਨੇ ਐਲਾਨ ਕੀਤਾ ਕਿ ਉਹ 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸ਼ੁਰੂ ਕਰਨਗੇ। 22 ਜ਼ਿਲ੍ਹਾ ਪ੍ਰੋਗਰਾਮ ਕਰਨ ਮਗਰੋਂ ਮਾਝੇ, ਦੁਆਬੇ ਅਤੇ ਮਾਲਵੇ ਵਿੱਚ ਵੱਡੇ ਇਕੱਠ ਕੀਤੇ ਜਾਣਗੇ। ਬਾਗ਼ੀ ਧੜੇ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਹਮਖ਼ਿਆਲ ਪਾਰਟੀਆਂ ਨਾਲ ਮਿਲ ਕੇ ਤੀਸਰਾ ਬਦਲ ਉਸਾਰਿਆ ਜਾਵੇਗਾ। ਹਾਈਕਮਾਨ ਦੇ ਦਲਿਤ ਪੱਤੇ ‘ਤੇ ਦਹਿਲਾ ਮਾਰਨ ਲਈ ਅੱਜ ਖਹਿਰਾ ਧੜੇ ਨੇ ਪੰਜਾਬੀ ਪੱਤਾ ਖੇਡਿਆ। ਬਾਗ਼ੀ ਵਿਧਾਇਕਾਂ ਨੇ ਸਟੇਜ ਤੋਂ ਪੰਥਕ ਚਿਹਰਾ ਵੀ ਵਿਖਾਇਆ ਤੇ ਪੰਜਾਬੀਆਂ ਦੀ ਅਣਖ ਤੇ ਗ਼ੈਰਤ ਦੀ ਤੰਦ ਵਾਰ ਵਾਰ ਛੇੜੀ ਗਈ। ਭਾਵੁਕ ਹੋਏ ਸੁਖਪਾਲ ਖਹਿਰਾ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦੇ ਦਿੱਤਾ ਕਿ ਉਹ ਰੈਲੀ ਤੋਂ ਦੂਰ ਰਹਿਣ ਵਾਲੇ ‘ਆਪ’ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ। ਉਨ੍ਹਾਂ ਹਾਈ ਕਮਾਨ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਟਿਕਟਾਂ ਵੇਚਣ, ਟਿਕਟਾਂ ਦੀ ਗ਼ਲਤ ਵੰਡ ਅਤੇ ਹਾਈਕਮਾਂਡ ਦੀ ਗ਼ੈਰਜਮਹੂਰੀ ਸੋਚ ਨੂੰ ਨਿਸ਼ਾਨੇ ‘ਤੇ ਰੱਖਿਆ ਗਿਆ।
ਸੁਖਪਾਲ ਖਹਿਰਾ ਨੇ ਆਪਣੇ ਇੱਕ ਘੰਟੇ ਦੇ ਭਾਸ਼ਣ ਵਿਚ ਪੰਜਾਬ ਦੇ ਬੁਨਿਆਦੀ ਮਸਲੇ ਚੰਡੀਗੜ੍ਹ ਦਾ ਮੁੱਦਾ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦੀ ਗੱਲ ਕਰਦੇ ਹੋਏ ਕਿਸਾਨਾਂ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਮਸਲਾ ਉਭਾਰਿਆ। ਉਨ੍ਹਾਂ ਗੁਆਂਢੀ ਸੂਬਿਆਂ ਤੋਂ ਪਾਣੀ ਦੀ ਰਾਇਲਟੀ ਲੈਣ ਦੀ ਗੱਲ ਦੁਹਰਾਈ। ਖਹਿਰਾ ਨੇ ਬਾਦਲ ਤੇ ਕੈਪਟਨ ਪਰਿਵਾਰ ਦੀ ‘ਦੋਸਤਾਨਾ ਮੈਚ’ ਦੀ ਗੱਲ ਕਰਦੇ ਹੋਏ ਪੰਜਾਬ ਨੂੰ ਦੋ ਟੱਬਰਾਂ ਵੱਲੋਂ ਲੁੱਟੇ ਜਾਣ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਕਿਸਾਨੀ ਤੇ ਜਵਾਨੀ ਤੋਂ ਇਲਾਵਾ ਵਪਾਰੀਆਂ ਦੇ ਦੁੱਖਾਂ ਦਰਦਾਂ ਦਾ ਮੁੱਦਾ ਵੀ ਛੋਹਿਆ। ਉਨ੍ਹਾਂ ਆਖਿਆ ਕਿ ਹਾਈ ਕਮਾਨ ਦੇ ਦੋ ਸੂਬੇਦਾਰਾਂ ਨੇ ਪੰਜਾਬ ਵਿੱਚ ਚੋਣਾਂ ਵੇਲੇ ਟਿਕਟਾਂ ਵੇਚੀਆਂ ਅਤੇ ਗ਼ਲਤ ਟਿਕਟਾਂ ਦੀ ਵੰਡ ਕਰਕੇ ਪਾਰਟੀ ਪੰਜਾਬ ਵਿੱਚ ਸੌ ਸੀਟਾਂ ਤੋਂ 20 ਸੀਟਾਂ ਤੱਕ ਸਿਮਟ ਗਈ। ਖਹਿਰਾ ਧੜੇ ‘ਚੋਂ ਸੀਨੀਅਰ ਵਿਧਾਇਕ ਕੰਵਰ ਸੰਧੂ ਨੇ ਕਨਵੈੱਨਸ਼ਨ ਵਿੱਚ ਮਤੇ ਪੜ੍ਹੇ ਅਤੇ ਉਸ ਤੋਂ ਪਹਿਲਾਂ ਸੰਧੂ ਨੇ ਆਖਿਆ ਕਿ ਜਦੋਂ ਦਿੱਲੀ ਦੀ ਲੀਡਰਸ਼ਿਪ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਉਹ ਲੋਕ ਕਚਹਿਰੀ ਵਿੱਚ ਆਏ ਹਨ। ਉਨ੍ਹਾਂ ਆਖਿਆ ਕਿ ਹਾਈਕਮਾਨ ਪੰਜਾਬ ਦੀ ਖ਼ੁਦਮੁਖ਼ਤਿਆਰੀ ਦੇ ਮਾਮਲੇ ‘ਤੇ ਚੁੱਪ ਹੋ ਜਾਂਦੀ ਹੈ ਜਦੋਂ ਕਿ ਖ਼ੁਦ ਐਲ.ਜੀ ਦਫ਼ਤਰ ਵਿੱਚ ਧਰਨਾ ਮਾਰ ਕੇ ਖ਼ੁਦਮੁਖ਼ਤਿਆਰੀ ਮੰਗਦੀ ਹੈ। ਸ੍ਰੀ ਸੰਧੂ ਨੇ ਚੋਣਾਂ ਵਿੱਚ 50 ਸੀਟਾਂ ਗ਼ਲਤ ਟਿਕਟਾਂ ਦੀ ਵੰਡ ਕਰਕੇ ਹਾਰਨ ਦੀ ਗੱਲ ਆਖੀ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਖਿਆ ਕਿ ਹਾਈਕਮਾਨ ਨੂੰ ਹੋਰਨਾਂ ਅਹੁਦਿਆਂ ਤੇ ਕਦੇ ਦਲਿਤ ਨੇਤਾ ਲਾਏ ਜਾਣ ਦਾ ਚੇਤਾ ਨਹੀਂ ਆਇਆ ਅਤੇ ਖਹਿਰਾ ਨੂੰ ਲਾਹੁਣ ਲਈ ਦਲਿਤ ਪੱਤਾ ਖੇਡਿਆ। ਵਿਧਾਇਕ ਜਗਦੇਵ ਕਮਾਲੂ ਨੇ ਆਖਿਆ ਕਿ ਅੱਜ ਨਵੀਂ ਸ਼ੁਰੂਆਤ ਹੋਈ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ। ਵਿਧਾਇਕ ਪਿਰਮਲ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਨੇ ਪੰਜਾਬ ਯੂਨਿਟ ਦੀ ਖ਼ੁਦਮੁਖ਼ਤਿਆਰੀ ਦੀ ਗੱਲ ਕੀਤੀ।
Home Page ਖਹਿਰਾ ਵੱਲੋਂ ਬਠਿੰਡਾ ਰੈਲੀ ‘ਚ ਆਪਣੀ ਹੀ ਪਾਰਟੀ ਖ਼ਿਲਾਫ਼ ਸ਼ਕਤੀ ਪ੍ਰਦਰਸ਼ਨ