ਨਵੀਂ ਦਿੱਲੀ, 25 ਜੁਲਾਈ (ਏਜੰਸੀ) – ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਕਿਹਾ ਕਿ ਆਧੁਨਿਕ ਭਾਰਤ ਗਰੀਬੀ ਮੁਕਤ ਕਰਨਾ ਸਭ ਤੋਂ ਵੱਡੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬੀ ਦੇ ਸਰਾਪ ਨੂੰ ਖ਼ਤਮ ਕਰਨਾ ਭਾਰਤ ਦਾ ਕੌਮੀ ਮਿਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਭੁੱਖ ਤੋਂ ਵੱਡੀ ਸ਼ਰਮ ਹੋਰ ਕੋਈ ਨਹੀਂ ਹੈ। ਦੇਸ਼ ਦੇ ਵਿਕਾਸ ਵਿੱਚ ਗਰੀਬਾਂ ਦੀ ਹਿੱਸੇਦਾਰੀ ਦੀ ਵਕਾਲਤ ਕਰਦਿਆਂ ਨਵੇਂ ਬਣੇ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਦਾ ਵਿਕਾਸ ਕਰਨਾ ਹੋਵੇਗਾ, ਜਿਹੜੇ ਸਭ ਤੋਂ ਜ਼ਿਆਦਾ ਗਰੀਬ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਕਾਸ ਅਸਲੀ ਲੱਗੇ, ਇਸ ਲਈ ਜ਼ਰੂਰੀ ਹੈ ਕਿ ਗਰੀਬ ਤੋਂ ਗਰੀਬ ਵਿਅਕਤੀ ਨੂੰ ਇਹ ਮਹਿਸੂਸ ਹੋਵੇ ਕਿ ਉਹ ਉਭਰਦੇ ਭਾਰਤ ਦੀ ਕਹਾਣੀ ਦਾ ਇੱਕ ਹਿੱਸਾ ਹੈ। ਦੁਨੀਆ ਭਰ ਵਿੱਚ ਕੱਟੜਵਾਦ ਦੇ ਵਧਦੇ ਪ੍ਰਭਾਵ ਦਾ ਜ਼ਿਕਰ ਕਰਦੇ ਹੋਏ ਪ੍ਰਣਬ ਨੇ ਕਿਹਾ ਕਿ ਹਾਲੇ ਲੜਾਈ ਦਾ ਯੁੱਗ ਖ਼ਤਮ ਨਹੀਂ ਹੋਇਆ ਹੈ ਅਤੇ ਅੱਤਵਾਦ ਖ਼ਿਲਾਫ਼ ਲੜਾਈ ਚੌਥੀ ਸੰਸਾਰਕ ਜੰਗ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤੀਸਰਾ ਸੰਸਾਰ ਯੁੱਧ ਸ਼ੀਤ ਲੜਾਈ ਸੀ, ਉਸੇ ਤਰ੍ਹਾਂ ਅੱਤਵਾਦ ਖਿਲਾਫ਼ ਲੜਾਈ ਚੌਥੀ ਸੰਸਾਰਕ ਜੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਪਰ ਸਾਡਾ ਧਿਆਨ ਭਵਿੱਖ ਉੱਤੇ ਕੇਂਦਰਿਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਵ ਸਿੱਖਿਆ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿੱਖਿਆ ਹੀ ਉਹ ਮੰਤਰ ਹੈ ਜਿਸ ਰਾਹੀਂ ਭਾਰਤ ਵਿੱਚ ਅਗਲਾ ਸੁਨਹਿਰਾ ਯੁੱਗ ਆਵੇਗਾ।
Indian News ਗਰੀਬੀ ਦੂਰ ਕਰਨਾ ਸਭ ਤੋਂ ਵੱਡੀ ਲੋੜ – ਪ੍ਰਣਬ ਮੁਖਰਜੀ