ਗਲੋਬਲ ਵਾਰਮਿੰਗ ਨਿਊਜ਼: ਇੱਕ ਦਹਾਕੇ ‘ਚ ਧਰਤੀ 1.5 ਡਿਗਰੀ ਸੈਲਸੀਅਸ ਤੱਕ ਗਰਮ ਹੋਵੇਗੀ, ਦੁਨੀਆ ‘ਚ ਵਧੇਗੀ ਗਰਮੀ

ਹਾਈਲਾਈਟਸ
ਦੁਨੀਆ 10 ਤੋਂ 15 ਸਾਲਾਂ ਦੇ ਅੰਦਰ 1.5 ਡਿਗਰੀ ਸੈਲਸੀਅਸ ਦੀ ਸੀਮਾ ਨੂੰ ਪਾਰ ਕਰ ਜਾਵੇਗੀ
ਧਰਤੀ ਦੇ ਔਸਤ ਨਾਲੋਂ ਦੋ ਡਿਗਰੀ ਸੈਲਸੀਅਸ ਵੱਧ ਗਰਮ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ
ਦੁਨੀਆ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ
ਬੋਸਟਨ, 31 ਜਨਵਰੀ – ਇੱਕ ਅਧਿਐਨ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਦੁਨੀਆ 10 ਤੋਂ 15 ਸਾਲਾਂ ਦੇ ਅੰਦਰ 1.5 ਡਿਗਰੀ ਸੈਲਸੀਅਸ ਦੀ ਗਲੋਬਲ ਵਾਰਮਿੰਗ (ਗਲੋਬਲ ਤਾਪਮਾਨ ‘ਚ ਵਾਧਾ) ਦੀ ਸੀਮਾ ਨੂੰ ਪਾਰ ਕਰ ਜਾਵੇਗੀ, ਭਾਵੇਂ ਕਿ ਨਿਕਾਸੀ ਘੱਟ ਹੋ ਜਾਵੇ। ਅਧਿਐਨ ਦੇ ਅਨੁਸਾਰ ਨਤੀਜਿਆਂ ਦੀ ਭਵਿੱਖਬਾਣੀ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਗਈ ਸੀ। ਅਧਿਐਨ ਦੇ ਅਨੁਸਾਰ ਜੇਕਰ ਅਗਲੇ ਕੁੱਝ ਦਹਾਕਿਆਂ ਵਿੱਚ ਉਤਸਰਜਨ ਜ਼ਿਆਦਾ ਰਹਿੰਦਾ ਹੈ, ਤਾਂ ਇਸ ਸਦੀ ਦੇ ਮੱਧ ਤੱਕ ਪੂਰਵ-ਉਦਯੋਗਿਕ ਸਮੇਂ ਦੇ ਮੁਕਾਬਲੇ ਧਰਤੀ ਦੇ ਔਸਤਨ ਦੋ ਡਿਗਰੀ ਸੈਲਸੀਅਸ ਵੱਧ ਗਰਮ ਹੋਣ ਦਾ ਅਨੁਮਾਨ ਹੈ ਤੇ ਨਾਲ ਹੀ 2060 ਤੱਕ ਉਸ ਸੀਮਾ ਤੱਕ ਪਹੁੰਚਣ ਦਾ ਅਨੁਮਾਨ ਹੈ।
ਇਸ ਅਧਿਐਨ ਤੋਂ ਅਜਿਹਾ ਜਾਪਦਾ ਹੈ ਕਿ ਸਾਲ 2015 ਵਿੱਚ ਹੋਇਆ ਪੈਰਿਸ ਸਮਝੌਤਾ (Paris Agreement) ਫ਼ੇਲ੍ਹ ਹੋ ਗਿਆ ਹੈ। ਇਸ ਨਵੇਂ ਅਧਿਐਨ ਮੁਤਾਬਿਕ ਅਗਲੇ ਦਹਾਕੇ ਵਿੱਚ ਧਰਤੀ ਦਾ ਤਾਪਮਾਨ 1.5 ਡਿਗਰੀ ਤੱਕ ਵਧ ਸਕਦਾ ਹੈ। ਇਸ ਨਵੇਂ ਅਧਿਐਨ ਨਾਲ ਚਿੰਤਾਵਾਂ ਵੱਧ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਹਾਕੇ ‘ਚ ਮੌਸਮ ਦੇ ਅੰਦਰ ਕਈ ਤਰ੍ਹਾਂ ਦੇ ਬਦਲਾਓ ਵੇਖਣ ਨੂੰ ਮਿਲ ਸਕਦੇ ਹਨ।
ਤਾਪਮਾਨ ਪਹਿਲਾਂ ਹੀ ਜ਼ਿਆਦਾ ਹੈ
ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼ ਦੇ ਜਰਨਲ ਪ੍ਰੋਸੀਡਿੰਗਜ਼ ‘ਚ ਪ੍ਰਕਾਸ਼ਿਤ ਅਧਿਐਨ ਨੇ ਦੁਨੀਆ ਭਰ ਦੇ ਹਾਲ ਹੀ ਦੇ ਤਾਪਮਾਨ ਦੇ ਨਿਰੀਖਣਾਂ ਦੀ ਵਰਤੋਂ ਕਰਦੇ ਹੋਏ ਜਲਵਾਯੂ ਪਰਿਵਰਤਨ ਦਾ ਅਨੁਮਾਨ ਜਤਾਇਆ ਗਿਆ ਹੈ। ਅਧਿਐਨ ਦੇ ਮੁੱਖ ਲੇਖਕ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਨੂਹ ਡਾਇਫੇਨਬੌਗ ਹਨ। ਡਾਈਫੇਨਬੌਗ ਨੇ ਕਿਹਾ ਕਿ, ‘ਭਵਿੱਖ ਦੇ ਬਾਰੇ ‘ਚ ਅਨੁਮਾਨ ਜਤਾਉਣ ਦੇ ਲਈ ਜਲਵਾਯੂ ਪ੍ਰਣਾਲੀ ਦੀ ਮੌਜੂਦਾ ਸਥਿਤੀ ‘ਤੇ ਨਿਰਭਰ ਇੱਕ ਪੂਰੀ ਤਰ੍ਹਾਂ ਤੋਂ ਨਵੀਂ ਪਹੁੰਚ ਦੀ ਵਰਤੋਂ ਕਰਦੇ ਹੋਏ, ਅਸੀਂ ਪੁਸ਼ਟੀ ਕਰਦੇ ਹਾਂ ਕਿ ਸੰਸਾਰ 1.5 ਡਿਗਰੀ ਸੈਲਸੀਅਸ ਸੀਮਾ ਨੂੰ ਪਾਰ ਕਰਨ ਦੀ ਦਹਿਲੀਜ਼ ‘ਤੇ ਹੈ’। ਉਨ੍ਹਾਂ ਨੇ ਕਿਹਾ, ‘ਸਾਡੇ ਆਈ ਮਾਡਲ ਤੋਂ ਇਹ ਸਪੱਸ਼ਟ ਹੈ ਕਿ ਪਹਿਲਾਂ ਤੋਂ ਹੀ ਧਰਤੀ ‘ਤੇ ਤਾਪਮਾਨ ਜ਼ਿਆਦਾ ਹੈ ਅਤੇ ਜੇਕਰ ਸ਼ੁੱਧ ਜ਼ੀਰੋ ਨਿਕਾਸੀ ਤੱਕ ਪਹੁੰਚਣ ਲਈ ਅੱਧੀ ਸਦੀ ਹੋਰ ਲੱਗ ਜਾਂਦੀ ਹੈ ਤਾਂ ਇਸ ਦੇ ਦੋ ਡਿਗਰੀ ਸੈਲਸੀਅਸ ਨੂੰ ਪਾਰ ਜਾਣ ਦਾ ਅਨੁਮਾਨ ਹੈ’। 1.5 ਸੈਲਸੀਅਸ ਡਿਗਰੀ ਤਾਪਮਾਨ ਦੇ ਨਿਸ਼ਾਨ ਅਤੇ ਦੋ ਡਿਗਰੀ ਸੀਮਾ ਰੇਖਾ ਨੂੰ ਪਾਰ ਕਰਨ ਦਾ ਮਤਲਬ ਸਾਫ਼ ਹੈ ਕਿ ਦੁਨੀਆ 2015 ਦੇ ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਹੈ।
ਇਸ ਸਮਝੌਤੇ ਵਿੱਚ ਦੇਸ਼ਾਂ ਨੇ ਗਲੋਬਲ ਵਾਰਮਿੰਗ ਨੂੰ ਪ੍ਰੀ-ਇੰਡਸਟ੍ਰੀਅਲ ਪੱਧਰ ਦੇ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦਾ ਵਾਅਦਾ ਕੀਤਾ ਸੀ। ਪਿਛਲੇ ਮੁਲਾਂਕਣਾਂ ਨੇ ਦਿਖਾਇਆ ਹੈ ਕਿ ਭਵਿੱਖ ਦੀਆਂ ਚੇਤਾਵਨੀਆਂ ਲਈ ਗਲੋਬਲ ਕਲਾਈਮੇਟ ਮਾਡਲਾਂ ਦੀ ਵਰਤੋਂ ਕੀਤੀ ਗਈ ਹੈ।