ਆਕਲੈਂਡ, 23 ਜੁਲਾਈ – ਨਿਊਜ਼ੀਲੈਂਡ ਸਰਕਾਰ ਵੱਲੋਂ ਹਰ ਸਾਲ ਨਵੇਂ ਕਮਿਊਨਿਟੀ ਕਾਰਜਾਂ ਦੇ ਵਿੱਚ ਅਹਿਮ ਸਹਿਯੋਗ ਦੇਣ ਵਾਲਿਆਂ ਨੂੰ ‘ਕੁਈਨਜ਼ ਸਰਵਿਸ ਮੈਡਲ’ ਲਈ ਚੁਣਿਆ ਜਾਂਦਾ ਹੈ। ਇਸ ਵਾਰ ਪੰਜਾਬੀ ਭਾਈਚਾਰੇ ਤੋਂ ਸ. ਹਰਜੀਤ ਸਿੰਘ ਵਾਲੀਆ ਨੂੰ ਚੁਣਿਆ ਗਿਆ ਸੀ। ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਡੈਮ ਪੈਟਸੀ ਰੈਡੀ ਵੱਲੋਂ ਅੱਜ ਇਹ ਮਾਨ-ਸਨਮਾਨ ਆਕਲੈਂਡ ਸਥਿਤ ਗਵਰਨਰ ਹਾਊਸ ਵਿੱਚ ਦਿੱਤੇ ਗਏ। ਸ. ਹਰਜੀਤ ਸਿੰਘ ਵਾਲੀਆ ਦੇ ਕੋਟ ਉੱਤੇ ਗਵਰਨਰ ਜਨਰਲ ਨੇ ‘ਕੁਈਨਜ਼ ਸਰਵਿਸ ਮੈਡਲ’ ਦਾ ਰੀਬਨ ਲਗਾਇਆ। ਇਹ 36 ਮਿਲੀਮੀਟਰ ਦਾ ਲਾਲ ਅਤੇ ਚਿੱਟੇ ਰੰਗ ਦੀਆਂ ਧਾਰੀਆਂ ਵਾਲਾ ਰੀਬਨ ਮਾਓਰੀ ਸਭਿਅਤਾ ਦੀ ਪੇਸ਼ਕਾਰੀ ਕਰਦਾ ਹੈ। ਇਸ ਡਿਜ਼ਾਈਨ ਦਾ ਮਤਲਬ ਹੈ ਕਿ ਸੇਵਾ ਵੱਲ ਵਧਦੇ ਕਦਮ।
ਸ. ਹਰਜੀਤ ਸਿੰਘ ਵਾਲੀਆ ਦਾ ਜੱਦੀ ਪਿੰਡ ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਹੈ ਪਰ ਉਹ 1958 ਤੋਂ ਚੰਡੀਗੜ੍ਹ ਹੀ ਜਾ ਕੇ ਵੱਸ ਗਏ ਸਨ। ਉਹ ਐਮ. ਏ. ਪੁਲਿਟੀਕਲ ਸਾਇੰਸ ਤੱਕ ਪੜ੍ਹੇ ਹੋਏ ਹਨ। ਉਨ੍ਹਾਂ ਪੰਜਾਬ ਦੇ ਵਿੱਚ ਉਨ੍ਹਾਂ ਸਟੇਟ ਬੈਂਕ ਆਫ਼ ਇੰਡੀਆ ਦੇ ਵਿੱਚ 35 ਸਾਲ ਸੇਵਾ ਨਿਭਾਅ ਕੇ ਬ੍ਰਾਂਚ ਮੈਨੇਜਰ ਵਜੋਂ ਰਿਟਾਇਰ ਹੋਏ ਸਨ। 2007 ਦੇ ਵਿੱਚ ਸ. ਹਰਜੀਤ ਸਿੰਘ ਵਾਲੀਆ ਨਿਊਜ਼ੀਲੈਂਡ ਆ ਕੇ ਆਪਣੇ ਦੋਹਾਂ ਪੁੱਤਰਾਂ ਸ. ਮੰਦੀਪ ਸਿੰਘ ਅਤੇ ਸ. ਹਰਦੀਪ ਸਿੰਘ ਕੋਲ ਵੱਸ ਗਏ ਸਨ। ਉਨ੍ਹਾਂ ਇੱਥੇ ਆ ਕੇ ਵੀ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸਰਟੀਫਿਕੇਟ ਇਨ ਆਫ਼ਿਸ ਐਡਮਨਿਸਟ੍ਰੇਸ਼ਨ ਅਤੇ ਬਿਜ਼ਨਸ ਐਡਮਨਿਸਟ੍ਰੇਸ਼ਨ ਵੀ ਪੂਰਾ ਕੀਤਾ। ਇੰਗਲਿਸ਼ ਹੋਮ ਟਿਊਟਰ ਦੇ ਵਿੱਚ ਉਨ੍ਹਾਂ ਲੈਵਲ ਤਿੰਨ ਦਾ ਕੋਰਸ ਇਸ ਕਰਕੇ ਕੀਤਾ ਕਿ ਉਹ ਨਿਸ਼ਕਾਮ ਸੇਵਾ ਵਜੋਂ ਦੂਜੇ ਲੋਕਾਂ ਨੂੰ ਇੰਗਲਿਸ਼ ਸਿਖਾ ਸਕਣ।
ਸ. ਹਰਜੀਤ ਸਿੰਘ ਵਾਲੀਆ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਕੰਮ ਕਰ ਰਹੇ ਹਨ। ਉਹ ‘ਏਜ਼ ਕਨਸਰਨ ਕਾਊਂਟੀਜ਼ ਮੈਨੁਕਾਓ’ ਦੇ ਨਾਲ 2008 ਤੋਂ ਜੁੜੇ ਹਨ ਅਤੇ ਮਾਨਤਾ ਪ੍ਰਾਪਤ ਵਿਜ਼ਟਿੰਗ ਸਰਵਿਸਿਜ਼ ਦੇ ਰਹੇ ਹਨ। 2013 ਵਿੱਚ ਉਨ੍ਹਾਂ ਨੂੰ ਬੋਰਡ ਮੈਂਬਰ ਵਜੋਂ ਲਿਆ ਗਿਆ। ਉਹ ਇਸ ਵੇਲੇ ‘ਮੈਨੁਕਾਓ ਈਸਟ ਕੌਂਸਲ ਆਫ਼ ਸੋਸ਼ਲ ਸਰਵਿਸਿਜ਼’ ਦੇ ਡਿਪਟੀ ਚੇਅਰ ਹਨ। ਉਹ ਪ੍ਰਵਾਸੀ ਲੋਕਾਂ ਨੂੰ ਇੰਗਲਿਸ਼ ਵੀ ਸਿਖਾਉਂਦੇ ਹਨ। ਉਹ ਆਕਲੈਂਡ ਸਿੱਖ ਸੁਸਾਇਟੀ, ਸ੍ਰੀ ਗੁਰੂ ਰਵਿਦਾਸ ਸਭਾ, ਗੋਪੀਓ, ਪੰਜਾਬੀ ਕਲਚਰਲ ਸੁਸਾਇਟੀ ਅਤੇ ਮੈਨੁਕਾਓ ਇੰਡੀਅਨ ਐਸੋਸੀਏਸ਼ਨ ਦੇ ਨੇੜੇ ਤੋਂ ਸਹਿਯੋਗ ਕਰ ਰਹੇ ਹਨ। ਉਹ ਇੰਡੀਅਨ ਕੀਵੀ ਪਾਜ਼ੇਟਿਵ ਏਜਿੰਗ ਗਰੁੱਪ ਦੇ ਚੇਅਰ ਹਨ ਅਤੇ ਇਸ ਦੇ ਨਾਲ ਹੀ ਵਾਈਟ ਰੀਬਨ ਅੰਬੈਸਡਰ ਅਤੇ ਅੰਬੈਸਡਰ ਆਫ਼ ਪੀਸ ਹਨ। ਸਾਲ 2019 ਦੇ ਵਿੱਚ ਹੀ ਉਹ ਏਸ਼ੀਆ ਪੈਸੀਫਿਕ ਸਿਖਰ ਸੰਮੇਲਨ ਕੰਬੋਡੀਆ ਦੇ ਵਿੱਚ ‘ਯੂਨੀਵਰਸਲ ਪੀਸ ਫੈਡਰੇਸ਼ਨ ਆਫ਼ ਨਿਊਜ਼ੀਲੈਂਡ’ ਦੀ ਪ੍ਰਤੀਨਿਧਤਾ ਕਰਕੇ ਆਏ ਹਨ। ਕੀਵੀ ਬੈਂਕ ਵੱਲੋਂ ਆਪ ਨੂੰ ‘ਲੋਕਲ ਹੀਰੋ ਆਫ਼ ਨਿਊਜ਼ੀਲੈਂਡ 2016’ ਐਵਾਰਡ ਵੀ ਮਿਲ ਚੁੱਕਾ ਹੈ।
ਵਰਨਣਯੋਗ ਹੈ ਕਿ ਇਹ ਐਵਾਰਡ 1975 ਤੋਂ ਸ਼ੁਰੂ ਹੋਇਆ ਸੀ। ਇਹ ਮੈਡਲ ਸਟਰਲਿੰਗ ਸਿਲਵਰ ਦਾ ਬਣਿਆ ਹੁੰਦਾ ਹੈ ਅਤੇ ਇਸ ਦਾ ਸਾਈਜ਼ 36 ਮਿਲੀਮੀਟਰ ਹੁੰਦਾ ਹੈ। ਸ. ਹਰਜੀਤ ਸਿੰਘ ਵਾਲੀਆ ਨੇ ਇਸ ਮਾਨ-ਸਨਮਾਨ ਦੇ ਲਈ ਭਾਰਤੀ ਕਮਿਊਨਿਟੀ, ਆਪਣੇ ਪਰਿਵਾਰਕ ਮੈਂਬਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਉਨ੍ਹਾਂ ਦੇ ਕਾਰਜਾਂ ਨੂੰ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ।
Home Page ਗਵਰਨਰ ਜਨਰਲ ਵੱਲੋਂ ਸ. ਹਰਜੀਤ ਸਿੰਘ ਵਾਲੀਆ ‘ਕੁਈਨਜ਼ ਸਰਵਿਸ ਮੈਡਲ’ ਨਾਲ ਸਨਮਾਨਿਤ