# ਪਹਿਲੀ ਨਵੰਬਰ ਗ਼ਦਰੀ ਮੇਲੇ ‘ਚ ਪੁੱਜਣ ਦਾ ਦਿੱਤਾ ਸੱਦਾ
# ਕਾਫ਼ਲੇ ‘ਚ ਤਕਰੀਰਾਂ, ਗੀਤਾਂ, ਨਾਟਕਾਂ ਨੇ ਲੋਕਾਂ ਨੂੰ ਹਲੂਣਿਆਂ
ਜਲੰਧਰ, 22 ਅਗਸਤ – ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਅਗਵਾਈ ‘ਚ ਗ਼ਦਰ ਸ਼ਤਾਬਦੀ ਨੂੰ ਸਮਰਪਿਤ ਗ਼ਦਰ ਸ਼ਤਾਬਦੀ ਕਾਫ਼ਲੇ ਦੇ ਅੱਜ ਪਹਿਲੇ ਦਿਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਕਾਫ਼ਲਾ ਰਵਾਨਾ ਹੋਇਆ। ਕਾਫ਼ਲੇ ਨੂੰ ਗ਼ਦਰ ਸ਼ਤਾਬਦੀ ਕਮੇਟੀ ਦੇ ਸਰਗਰਮ ਮੈਂਬਰ ਅਤੇ ਟਰੱਸਟੀ ਰਣਜੀਤ ਸਿੰਘ ਨੇ ਗ਼ਦਰੀ ਝੰਡੇ ਨਾਲ ਰਵਾਨਾ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਦੇ ਕੋ-ਕੋਆਰਡੀਨੇਟਰ ਗੁਰਮੀਤ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਅਜਮੇਰ ਸਿੰਘ, ਮੰਗਤ ਰਾਮ ਪਾਸਲਾ, ਦੇਵ ਰਾਜ ਨਈਅਰ, ਬਲਬੀਰ ਕੌਰ ਬੁੰਡਾਲਾ ਅਤੇ ਸਭਿਆਚਾਰਕ ਵਿੰਗ ਦੇ ਕਾਮੇ ਡਾ. ਸੈਲੇਸ, ਕੁਲਵੰਤ ਕਾਕਾ ਅਤੇ ਕੇਸਰ ਦੀ ਅਗਵਾਈ ‘ਚ ਜਲੰਧਰ ਤੋਂ ਨਕੋਦਰ, ਮਹਿਤਪੁਰ ਹੁੰਦਾ ਹੋਇਆ ਸਿੱਧਵਾਂ ਬੇਟ ਪੁੱਜਾ।
ਸਿੱਧਵਾਂ ਬੇਟ ਇਸ ਕਾਫ਼ਲੇ ਦਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਅਮਰਜੀਤ ਢੁੱਡੀਕੇ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਬੀ. ਕੇ. ਯੂ. ਏਕਤਾ ਦੇ ਸੂਬਾ ਕਮੇਟੀ ਮੈਂਬਰ ਸੁਖਦੇਵ ਭੂੰਦੜੀ ਦੀ ਅਗਵਾਈ ‘ਚ ਲੋਕਾਂ ਦੇ ਜਥਿਆਂ ਨੇ ਸੁਆਗਤ ਕੀਤਾ। ਇਥੋਂ ਮਿਲ ਕੇ ਜੁੜਿਆ ਕਾਫ਼ਲਾ ਸਿੱਧਵਾਂ ਬੇਟ ਤੋਂ ਭੂੰਦੜੀ, ਕੋਟਮਾਨ, ਖੁਦਾਈ ਚੱਕ, ਗੋਰਸੀਆ ਮੱਖਣ ਹੁੰਦਾ ਹੋਇਆ ਗ਼ਦਰੀ ਦੇਸ਼ ਭਗਤ ਨਿਰੰਜਣ ਸਿੰਘ ਸੰਗਤਪੁਰਾ ਦੇ ਪਿੰਡ ‘ਚ ਜੁੜੀ ਇਕੱਤਰਤਾ ਨੂੰ ਕੰਵਲਜੀਤ ਖੰਨਾ, ਸੁਖਦੇਵ ਭੂੰਦੜੀ, ਗੁਰਮੀਤ ਅਤੇ ਡਾ. ਰਘਬੀਰ ਕੌਰ ਨੇ ਸੰਬੋਧਨ ਕੀਤਾ।
ਅੱਗੇ ਵਧਦਾ ਇਹ ਕਾਫ਼ਲਾ ਰਸੂਲਪੁਰ ਜੰਡੀ, ਬੰਗਸੀਪੁਰਾ, ਲੀਲਾਂ ਮੇਘ ਸਿੰਘ, ਸ਼ੇਰਪੁਰ ਖੁਰਦ, ਕੋਕਰੀ ਫੂਲਾ ਸਿੰਘ, ਕੋਕਰੀ ਕਲਾਂ, ਕੋਕਰੀ ਹੇਰਾਂ, ਰੌਲੀ, ਤਲਵੰਡੀ ਭੁੰਗੇਰੀਆਂ, ਤਲਵੰਡੀ ਦੁਸਾਂਝ, ਅਜਿਤਵਾਲ, ਜਗਰਾਓਂ, ਚੂਹੜਚੱਕ ਢੁੱਡੀਕੇ ਹੁੰਦਾ ਹੋਇਆ ਕਾਫ਼ਲਾ ਪਿੰਡ ਮੱਦੋਕੇ ਪੁੱਜਾ। ਇਨ੍ਹਾਂ ਪਿੰਡਾਂ ਦੇ ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਦੇਵ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਗੁਰਨਾਮ ਸਿੰਘ ਸੰਘੇੜਾ ਨੇ ਸੰਬੋਧਨ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਮੂਹ ਮੈਂਬਰਾਂ ਨੇ ਵੱਖ-ਵੱਖ ਪਿੰਡਾਂ ‘ਚ ਜੁੜੇ ਇਕੱਠਾਂ ਨੂੰ ਸੰਬੋਧਨ ਕੀਤਾ।
ਇਸ ਕਾਫ਼ਲੇ ਨੇ ਹੋਕਾ ਦਿੱਤਾ ਕਿ ਸੌ ਵਰ੍ਹੇ ਪਹਿਲਾਂ ਮੁਲਕ ਦੀ ਅਜ਼ਾਦੀ ਲਈ ਜੂਝੇ ਇਨਕਲਾਬੀ ਦੇਸ਼ ਭਗਤਾਂ ਨੇ ਸਾਮਰਾਜ, ਜਾਗੀਰੂ, ਪੂੰਜੀਪਤੀ, ਸ਼ਾਹੂਕਾਰਾ ਤੰਦੂਏ ਜਾਲ ਨੂੰ ਤੋੜਕੇ ਮਿਹਨਤਕਸ਼ ਲੋਕਾਂ ਦੀ ਪੁੱਗਤ ਵਾਲਾ ਰਾਜ ਅਤੇ ਸਮਾਜ ਸਿਰਜਣਾ ਸੀ। ਇਨ੍ਹਾਂ ਆਦਰਸ਼ਾਂ ਲਈ ਅੱਜ ਸਾਨੂੰ ਲੋਕ ਸੰਗਰਾਮ ਜਾਰੀ ਰੱਖਦਿਆਂ ਨਵੇਂ ਗ਼ਦਰ ਲਈ ਲੋਕਾਂ ਨੂੰ ਤਿਆਰ ਕਰਨਾ ਪੈਣਾ ਹੈ।
ਕਾਫ਼ਲੇ ‘ਚ ਨਾਅਰੇ ਲੱਗਦੇ ਰਹੇ ‘ਗ਼ਦਰੀ ਦੇਸ਼ ਭਗਤਾਂ ਦਾ ਪੈਗ਼ਾਮ-ਜਾਰੀ ਰੱਖਣਾ ਹੈ ਸੰਗਰਾਮ’, ‘ਗ਼ਦਰੀ ਬਾਬੇ ਖੋਹ ਕੇ ਲਾ ਲਿਆ ਜੋਰ-ਗ਼ਦਰੀਆਂ ਦੇ ਵਾਰਸ ਲੱਖਾਂ ਹੋਰ’, ‘ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਸਮੂਹ ਇਨਕਲਾਬੀ ਤਾਕਤਾਂ ਦਾ ਏਕਾ-ਜ਼ਿੰਦਾਬਾਦ’। ਕਾਫ਼ਲੇ ‘ਚ ਮੋਟਰਸਾਇਕਲਾਂ, ਸਕੂਟਰਾਂ, ਗੱਡੀਆਂ ਤੇ ਸਵਾਰ ਨੌਜਵਾਨ, ਕਿਰਤੀ ਕਾਮੇ, ਮੁਲਾਜ਼ਮ, ਔਰਤਾਂ ਲੋਕਾਂ ਨੂੰ ਹੱਥ ਪਰਚੇ ਵੰਡ ਰਹੇ ਸਨ, ਜਿਨ੍ਹਾਂ ਵਿੱਚ ਪਹਿਲੀ ਨਵੰਬਰ ਨੂੰ ਗ਼ਦਰ ਸ਼ਤਾਬਦੀ ਮੇਲੇ ‘ਚ ਸ਼ਾਮਲ ਹੋਣ ਅਤੇ ਆਰਥਕ ਮਦਦ ਕਰਨ ਦੀ ਅਪੀਲ ਕੀਤੀ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਤਿਆਰ ਕੀਤੀ ਆਡੀਓ ਸੀ.ਡੀ. ‘ਗ਼ਦਰੀ ਗੂੰਜਾਂ’ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦਾ ਹੋਰ ਸਾਹਿਤ ਵੀ ਲੋਕਾਂ ਨੇ ਉਤਸ਼ਾਹ ਨਾਲ ਖਰੀਦਿਆਂ।
ਦੋ ਦਰਜਨ ਪਿੰਡਾਂ ‘ਚ ਮਾਰਚ ਕਰਨ ਉਪਰੰਤ ਕਾਫ਼ਲੇ ਨੇ ਸ਼ਾਮ ਨੂੰ ਪਿੰਡ ਮੱਦੋਕੇ ਪੜਾਅ ਕੀਤਾ। ਮੱਦੋਕੇ ਪਿੰਡ ‘ਚ ਪਲਸ ਮੰਚ ਦੀ ਇਕਾਈ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਨਾਟਕ ਮੰਡਲੀ ਨੇ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ‘ਚ ਅਮੋਲਕ ਸਿੰਘ ਦਾ ਗ਼ਦਰ ਲਹਿਰ ਬਾਰੇ ਲਿਖਿਆ ਨਾਟਕ ‘ਵੰਗਾਰ’ ਪੇਸ਼ ਕੀਤਾ। ਵਿਸ਼ਾਲ ਇਕੱਠ ਨੂੰ ਸ਼ਤਾਬਦੀ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੰਬੋਧਨ ਕੀਤਾ। ਜ਼ਿਕਰਯੋਗ ਹੈ ਕਿ ਸਾਰੇ ਪਿੰਡਾਂ ‘ਚ ਅਮਰਜੀਤ ਪ੍ਰਦੇਸੀ ਰਸੂਲਪੁਰ ਦੇ ਕਵੀਸ਼ਰੀ ਜਥੇ ਨੇ ਇਨਕਲਾਬੀ ਕਵੀਸ਼ਰੀਆਂ ਪੇਸ਼ ਕੀਤੀਆਂ।
Indian News ਗ਼ਦਰ ਸ਼ਤਾਬਦੀ ਕਾਫ਼ਲੇ ਨੇ ਦਰਜਨਾਂ ਪਿੰਡਾਂ ‘ਚ ਦਿੱਤਾ ਗ਼ਦਰੀ ਹੋਕਾ