ਲੇਖਕ – ਉਜਾਗਰ ਸਿੰਘ
ਪੰਜਾਬ ਵਿੱਚ ਗਾਂਧੀਵਾਦੀ ਸੋਚ ਦਾ ਆਖ਼ਰੀ ਪਹਿਰੇਦਾਰ ਵੇਦ ਪ੍ਰਕਾਸ਼ ਗੁਪਤਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਲਗਪਗ ਪਿਛਲੇ 6 ਮਹੀਨੇ ਤੋਂ ਬੁਢਾਪੇ ਦੀ ਬਿਮਾਰੀ ਕਰਕੇ ਸਿਆਸੀ ਸਰਗਰਮੀਆਂ ਤੋਂ ਦੂਰ ਰਹਿਣ ਤੋਂ ਬਾਅਦ 89 ਸਾਲ 12 ਦਿਨ ਦੀ ਉਮਰ ਵਿੱਚ ਸਵਰਗਵਾਸ ਹੋ ਗਏ ਹਨ। ਬਿਸਤਰੇ ‘ਤੇ ਪਏ ਵੀ ਉਹ ਕਾਂਗਰਸ ਵਿਚਲੇ ਕਾਟੋ ਕਲੇਸ਼ ਤੋਂ ਬਹੁਤ ਹੀ ਚਿੰਤਾਤੁਰ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਗਾਂਧੀਵਾਦੀ ਸੋਚ ਵਾਲੇ ਪੋਟਿਆਂ ਤੇ ਗਿਣੇ ਜਾਣ ਵਾਲੇ ਨੇਤਾ ਰਹਿ ਗਏ ਹਨ। ਪੰਜਾਬ ਵਿੱਚੋਂ ਸ਼ਾਇਦ ਉਹ ਆਖ਼ਰੀ ਗਾਂਧੀਵਾਦੀ ਨੇਤਾ ਸਨ। ਜਵਾਹਰ ਲਾਲ ਨਹਿਰੂ ਦੇ ਜ਼ਮਾਨੇ ਵਿਚ ਕੋਈ ਵਕਤ ਹੁੰਦਾ ਸੀ ਜਦੋਂ ਸ਼ਰਦ ਪਵਾਰ ਮਹਾਰਾਸ਼ਟਰ ਪ੍ਰਦੇਸ਼ ਸਟੂਡੈਂਟਸ ਕਾਂਗਰਸ ਦਾ ਪ੍ਰਧਾਨ ਅਤੇ ਵੇਦ ਪ੍ਰਕਾਸ਼ ਗੁਪਤਾ ਪੰਜਾਬ ਸਟੂਡੈਂਟਸ ਕਾਂਗਰਸ ਦੇ ਪ੍ਰਧਾਨ ਹੁੰਦੇ ਸਨ। ਉਦੋਂ ਯੂਥ ਕਾਂਗਰਸ ਨੂੰ ਸਟੂਡੈਂਟਸ ਕਾਂਗਰਸ ਕਿਹਾ ਜਾਂਦਾ ਸੀ। ਦੋਵੇਂ ਸਮੁੱਚੇ ਦੇਸ਼ ਵਿਚ ਸਟੂਡੈਂਟਸ ਕਾਂਗਰਸ ਵਿਚ ਬਿਹਤਰੀਨ ਕੰਮ ਕਰਦੇ ਸਨ। ਜਦੋਂ 1964 ਵਿੱਚ ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਤਾਂ ਸਮੁੱਚੇ ਦੇਸ਼ ਵਿਚ ‘ਜਵਾਹਰ ਜਯੋਤੀ’ ਲਿਜਾਈ ਗਈ। ਉਸ ਸਾਰੇ ਪ੍ਰੋਗਰਾਮ ਦੇ ਇੰਚਾਰਜ ਵੇਦ ਪ੍ਰਕਾਸ਼ ਗੁਪਤਾ ਸਨ। ਇਸ ਕਰਕੇ ਵੇਦ ਪ੍ਰਕਾਸ਼ ਗੁਪਤਾ ਸ਼੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕ ਹੋ ਗਏ ਸਨ। ਵਕਤ ਕਰਵੱਟਾਂ ਲੈਂਦਾ ਰਿਹਾ। ਇੰਦਰਾ ਗਾਂਧੀ ਲਾਲ ਬਹਾਦਰ ਸ਼ਾਸ਼ਤਰੀ ਦੀ ਵਜ਼ਾਰਤ ਵਿਚ ਸੂਚਨਾ ਤੇ ਪ੍ਰਸਾਰਨ ਮੰਤਰੀ ਬਣ ਗਏ। ਸ਼ਾਸ਼ਤਰੀ ਦੀ ਅਚਾਨਕ ਮੌਤ ਤੋਂ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਗਏ। ਸ਼ਰਦ ਪਵਾਰ ਤਾਕਤ ਦੇ ਗਲਿਆਰਿਆਂ ਵਿਚ ਸਫਲ ਹੋ ਗਏ ਅਤੇ ਵੇਦ ਪ੍ਰਕਾਸ਼ ਗੁਪਤਾ ਪਛੜ ਗਏ। ਸ਼ਰਦ ਪਵਾਰ ਕੇਂਦਰੀ ਮੰਤਰੀ ਮੰਡਲ ਵਿਚ ਮਹੱਤਵਪੂਰਨ ਵਿਭਾਗ ਦੇ ਮੰਤਰੀ ਰਹੇ ਅਤੇ ਵੇਦ ਪ੍ਰਕਾਸ਼ ਗੁਪਤਾ ਦਰੀਆਂ ਵਿਛਾਉਂਦਾ ਹੀ ਰਹਿ ਗਿਆ। ਸਿਆਸਤ ਵਿਚ ਪੈਸਾ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਪ੍ਰੰਤੂ ਵੇਦ ਪ੍ਰਕਾਸ਼ ਗੁਪਤਾ ਨੇ ਹੌਸਲਾ ਨਹੀਂ ਛੱਡਿਆ। ਅੰਬਿਕਾ ਸੋਨੀ, ਰਾਜਿੰਦਰ ਕੌਰ ਭੱਠਲ ਅਤੇ ਸ. ਬੇਅੰਤ ਨਾਲ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਜਨਰਲ ਸਕੱਤਰ ਅਤੇ ਪੰਜਾਬ ਵਿਓਪਾਰ ਮੰਡਲ ਦੇ ਪ੍ਰਧਾਨ ਅਤਿ ਨਾਜ਼ਕ ਸਮੇਂ ਵਿੱਚ ਰਹੇ। ਲਿਖਣ ਪੜ੍ਹਨ ਦੇ ਸ਼ੌਕ ਕਰਕੇ ਸਪਤਾਹਿਕ ਪੇਪਰ ਵੀ ਪ੍ਰਕਾਸ਼ਿਤ ਕੀਤਾ ਅਤੇ ਸਾਹਿਤਕ ਸਰਗਰਮੀਆਂ ਵਿਚ ਹਿੱਸਾ ਲੈਂਦੇ ਰਹੇ। ਅਖੀਰ ਸ. ਬੇਅੰਤ ਸਿੰਘ ਨੇ ਵੇਦ ਪ੍ਰਕਾਸ਼ ਗੁਪਤਾ ਨੂੰ ਨਗਰ ਸੁਧਾਰ ਟਰੱਸਟ ਪਟਿਆਲਾ ਦਾ ਚੇਅਰਮੈਨ ਬਣਾ ਕੇ ਲੋਕ ਸੇਵਾ ਕਰਨ ਦਾ ਮੌਕਾ ਦਿੱਤਾ। ਵਫ਼ਾਦਾਰੀ ਦਾ ਉਨ੍ਹਾਂ ਨੂੰ ਮੁਜੱਸਮਾ ਵੀ ਕਿਹਾ ਜਾ ਸਕਦਾ ਹੈ ਕਿ ਹਰਚਰਨ ਸਿੰਘ ਬਰਾੜ ਦੇ ਸਮੇਂ ਸ. ਬੇਅੰਤ ਸਿੰਘ ਦਾ ਬੁੱਤ ਪਟਿਆਲਾ ਵਿਚ ਉਨ੍ਹਾਂ ਆਪਣੀ ਚੇਅਰਮੈਨੀ ਨੂੰ ਦਾਅ ਤੇ ਲਾ ਕੇ ਸਥਾਪਤ ਕੀਤਾ। ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਸਫਲ ਚੇਅਰਮੈਨ ਰਹੇ। ਵੇਦ ਪ੍ਰਕਾਸ਼ ਗੁਪਤਾ ਦਾ ਜਨਮ ਛੱਜੂ ਰਾਮ ਗੁਪਤਾ ਅਤੇ ਮਾਤਾ ਬਚਨੀ ਦੇਵੀ ਗੁਪਤਾ ਦੇ ਘਰ 23 ਜਨਵਰੀ 1933 ਨੂੰ ਆਪਣੇ ਨਾਨਕੇ ਪਟਿਆਲਾ ਵਿਖੇ ਹੋਇਆ। ਛੱਜੂ ਰਾਮ ਗੁਪਤਾ ਬੁਢਲਾਡਾ ਉਦੋਂ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਸਨ। ਅੱਜ ਕਲ ਬੁਢਲਾਡਾ ਮਾਨਸਾ ਜ਼ਿੱਲ੍ਹੇ ਵਿਚ ਹੈ। ਉਨ੍ਹਾਂ ਦੇ ਪਿਤਾ ਰੇਲਵੇ ਵਿਭਾਗ ਵਿਚ ਨੌਕਰੀ ਕਰਦੇ ਸਨ, ਇਸ ਲਈ ਉਨ੍ਹਾਂ ਨੂੰ ਸਮੁੱਚੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਦੀ ਪ੍ਰਾਇਮਰੀ ਤੱਕ ਦੀ ਮੁੱਢਲੀ ਪੜ੍ਹਾਈ ਦਿੱਲੀ ਵਿਚ ਹੋਈ। ਉਨ੍ਹਾਂ ਨੇ ਦਸਵੀਂ 1949 ਵਿੱਚ ਬੁਢਲਾਡਾ ਤੋਂ ਪਾਸ ਕੀਤੀ ਫਿਰ ਉਨ੍ਹਾਂ ਦੇ ਪਿਤਾ ਦੀ ਬਦਲੀ ਫ਼ਿਰੋਜਪੁਰ ਦੀ ਹੋ ਗਈ। ਬੀ.ਏ.ਵਿਚ ਫ਼ਿਰੋਜਪੁਰ ਵਿਖੇ ਦਾਖ਼ਲਾ ਲੈ ਲਿਆ ਪ੍ਰੰਤੂ ਉੱਥੇ ਵੀ ਪੜ੍ਹਾਈ ਪੂਰੀ ਨਹੀਂ ਕਰ ਸਕੇ। 1951 ਵਿੱਚ ਉਹ ਪਟਿਆਲਾ ਆ ਕੇ ਪਟਿਆਲਵੀ ਬਣ ਗਏ। ਫਿਰ ਬੀ.ਏ. ਪ੍ਰਾਈਵੇਟ ਤੌਰ ਤੇ ਪਾਸ ਕੀਤੀ ਅਤੇ ਬਾਅਦ ਵਿਚ ਆਨਰਜ਼. ਇਨ ਉਰਦੂ ਵੀ ਪਾਸ ਕੀਤੀ। ਬੁਢਲਾਡਾ ਵਿਖੇ ਉਨ੍ਹਾਂ ਦੇ ਪਰਵਾਰ ਦਾ ਸਿਨਮਾ ‘ਭਾਰਤ ਟਾਕੀਜ਼’ ਸੀ। ਉਨ੍ਹਾਂ ਦੀ ਸ਼ਾਦੀ ਨਰਵਾਣਾ ਦੇ ਵਕੀਲ ਦੀ ਲੜਕੀ ਪ੍ਰੇਮ ਲਤਾ ਨਾਲ ਹੋ ਗਈ। ਬਚਪਨ ਤੋਂ ਹੀ ਉਨ੍ਹਾਂ ਦੀ ਸਿਆਸਤ, ਸਾਹਿਤ ਅਤੇ ਪੱਤਰਕਾਰਤਾ ਵਿਚ ਸ਼ੌਕ ਸੀ। ਅਜ਼ਾਦੀ ਦੀ ਲਹਿਰ ਨਾਲ ਸੰਬੰਧਿਤ ਪ੍ਰੋਗਰਾਮਾਂ ਵਿੱਚ ਵੀ ਉਹ ਦਿਲਚਸਪੀ ਰੱਖਦੇ ਸਨ ਪ੍ਰੰਤੂ ਉਨ੍ਹਾਂ ਦੇ ਪਿਤਾ ਸਰਕਾਰੀ ਨੌਕਰੀ ਵਿਚ ਹੋਣ ਕਰਕੇ ਪੂਰਨ ਤੌਰ ਤੇ ਹਿੱਸਾ ਨਾ ਲੈ ਸਕੇ। ਇਸ ਸਮੇਂ ਦੌਰਾਨ ਹੀ ਉਹ 1954 ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗਿਆਨੀ ਜ਼ੈਲ ਸਿੰਘ ਦੇ ਸੰਪਰਕ ਵਿਚ ਆ ਗਏ ਕਿਉਂਕਿ ਗਿਆਨੀ ਜੀ ਦੀਆਂ ਸਰਗਰਮੀਆਂ ਦਾ ਕੇਂਦਰ ਫ਼ਰੀਦਕੋਟ ਅਤੇ ਬਠਿੰਡਾ ਸਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਨੂੰ ਯੂਥ ਕਾਂਗਰਸ ਵਿੱਚ ਸ਼ਾਮਲ ਕਰ ਲਿਆ। ਉਸ ਸਮੇਂ ਯੂਥ ਕਾਂਗਰਸ ਨੂੰ ਸਟੂਡੈਂਟਸ ਕਾਂਗਰਸ ਕਿਹਾ ਜਾਂਦਾ ਸੀ। ਪਹਿਲਾਂ ਉਨ੍ਹਾਂ ਨੂੰ ਮੰਡਲ ਕਾਂਗਰਸ ਬੁਢਲਾਡਾ ਦਾ ਪ੍ਰਧਾਨ ਬਣਾਇਆ ਗਿਆ। ਉਦੋਂ ਬਲਾਕ ਨੂੰ ਮੰਡਲ ਕਿਹਾ ਜਾਂਦਾ ਸੀ। ਬਾਅਦ ਵਿਚ ਜ਼ਿਲ੍ਹਾ ਸਟੂਡੈਂਟਸ ਕਾਂਗਰਸ ਬਠਿੰਡਾ ਦਾ ਜਨਰਲ ਸਕੱਤਰ ਅਤੇ ਫਿਰ ਪ੍ਰਧਾਨ ਬਣਾ ਦਿੱਤਾ ਗਿਆ। ਉਨ੍ਹਾਂ ਨੇ ਸਟੂਡੈਂਟ ਕਾਂਗਰਸ ਵਿਚ ਸਰਗਰਮੀ ਨਾਲ ਕੰਮ ਕੀਤਾ ਇਸ ਕਰਕੇ 1963 ਵਿੱਚ ਉਨ੍ਹਾਂ ਨੂੰ ਸਾਂਝੇ ਪੰਜਾਬ ਦੀ ਸਟੂਡੈਂਟਸ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਉਹ 1966 ਤੱਕ ਇਸ ਦੇ ਪ੍ਰਧਾਨ ਰਹੇ। ਉਨ੍ਹਾਂ ਦਿਨਾਂ ਵਿਚ ਹਰਿਆਣਾ ਅਤੇ ਹਿਮਾਚਲ ਬਣੇ ਨਹੀਂ ਸਨ। ਪੰਡਤ ਜਵਾਹਰ ਲਾਲ ਨਹਿਰੂ ਦੀ ਮੌਤ 27 ਮਈ 1964 ਵਿੱਚ ਹੋ ਗਈ। ਉਸ ਤੋਂ ਬਾਅਦ 14 ਨਵੰਬਰ 1967 ਤੋਂ ਇਕ ਸਾਲ ਲਈ ਸਾਰੇ ਭਾਰਤ ਵਿਚ ‘ਜਵਾਹਰ ਜਿਓਤੀ’ ਲਿਜਾਈ ਗਈ । ਸਟੂਡੈਂਟ ਕਾਂਗਰਸ ਵੱਲੋਂ ਉਸ ‘ਜਵਾਹਰ ਜਿਓਤੀ’ ਦੇ ਸਾਰੇ ਦੇਸ਼ ਵਿਚ ਲਿਜਾਉਣ ਦੀ ਹੋਰ ਨੇਤਾਵਾਂ ਦੇ ਨਾਲ ਉਨ੍ਹਾਂ ਦੀ ਡਿਊਟੀ ਵੀ ਲਗਾਈ ਗਈ, ਜਿਸ ਕਰਕੇ ਉਨ੍ਹਾਂ ਨੇ ਸਾਰੇ ਭਾਰਤ ਦੇ ਬਾਕੀ ਰਾਜਾਂ ਦਾ ਵੀ ਦੌਰਾ ਕੀਤਾ। ਫਿਰ 1969 ਵਿੱਚ ਉਨ੍ਹਾਂ ਨੂੰ ਪਟਿਆਲਾ ਜ਼ਿਲ੍ਹਾ ਕਾਂਗਰਸ ਦਾ ਜਨਰਲ ਸਕੱਤਰ ਬਣਾਇਆ ਗਿਆ। ਉਨ੍ਹਾਂ ਨੂੰ ਪੱਤਰਕਾਰੀ ਦਾ ਵੀ ਸ਼ੌਕ ਸੀ, ਇਸ ਕਰਕੇ ਉਨ੍ਹਾਂ ਨੇ 1954 ਵਿੱਚ ਸੰਗਰਾਮ ਨਾਂ ਦਾ ਉਰਦੂ ਦਾ ਸਪਤਾਹਿਕ ਪਰਚਾ ਵੀ ਕੱਢਿਆ ਅਤੇ ਉਹ ਉਸ ਦੇ ਸੰਪਾਦਕ ਸਨ। ਸ਼ਾਇਰੋ ਸ਼ਾਇਰੀ ਦੇ ਸ਼ੌਕ ਕਰਕੇ ਉਹ ਉਰਦੂ ਵਿਚ ਕਵਿਤਾਵਾਂ ਲਿਖਦੇ ਰਹੇ। ਦੇਸ਼ ਭਗਤੀ ਦੇ ਮੁਸ਼ਾਇਰਿਆਂ ਵਿਚ ਵੀ ਉਹ ਸ਼ਾਮਲ ਹੁੰਦੇ ਰਹੇ। 1996 ਵਿਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਤੌਰ ਜਨਰਲ ਸਕੱਤਰ ਦਫ਼ਤਰ ਦੇ ਇੰਚਾਰਜ ਵੀ ਰਹੇ। 1978-79 ਵਿਚ ਜਦੋਂ ਇੰਦਰਾ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਵੀ ਗ੍ਰਿਫ਼ਤਾਰੀ ਦਿੱਤੀ ਅਤੇ ਇੱਕ ਮਹੀਨਾ ਜੇਲ੍ਹ ਵਿਚ ਰਹੇ। ਉਹ 1990 ਤੋਂ 97 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿਓਪਾਰ ਸੈਲ ਦੇ ਚੇਅਰਮੈਨ ਅਤੇ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ 1998 ਵਿੱਚ ਪੰਜਾਬ ਰਾਈਟਰਜ਼ ਕਲਚਰਲ ਫ਼ੋਰਮ ਬਣਾਈ, ਜਿਸ ਦੇ ਆਖ਼ਰੀ ਦਮ ਤੱਕ ਚੇਅਰਮੈਨ ਰਹੇ। ਸ. ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਸਮੇਂ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਹਿੰਦ-ਪਾਕਿ ਮੁਸ਼ਾਇਰਾ ਆਯੋਜਿਤ ਕੀਤਾ ਜੋ ਬਹੁਤ ਹੀ ਸਫਲ ਰਿਹਾ, ਜਿਸ ਵਿਚ ਪਾਕਿਸਤਾਨ ਦੇ ਤੇ ਭਾਰਤ ਦੇ ਚੋਟੀ ਦੇ ਸ਼ਾਇਰ ਸ਼ਾਮਲ ਹੋਏ। ਉਹ ਅਖ਼ਬਾਰਾਂ ਲਈ ਲੇਖ ਵੀ ਲਿਖਦੇ ਰਹਿੰਦੇ ਸਨ। ਸ. ਬੇਅੰਤ ਸਿੰਘ ਨੇ ਉਨ੍ਹਾਂ ਨੂੰ 1994 ਵਿੱਚ ਪਟਿਆਲਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ, ਜਿਸ ਅਹੁਦੇ ਤੇ ਉਹ 1996 ਤੱਕ ਰਹੇ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ 1997 ਵਿੱਚ ਉਨ੍ਹਾਂ ਨੂੰ ਪਟਿਆਲਾ ਜ਼ਿਲ੍ਹਾ ਕਾਂਗਰਸ ਸ਼ਹਿਰੀ ਦਾ ਪ੍ਰਧਾਨ ਬਣਾਇਆ ਗਿਆ ਅਤੇ ਉਹ ਇਸ ਅਹੁਦੇ ਤੇ 2006 ਤੱਕ ਯਾਨੀ 9 ਸਾਲ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਜੂਨ 2003 ਵਿੱਚ ਪੈਪਸੂ ਰੋਡਵੇਜ਼ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਅਤੇ ਉਹ 2007 ਤੱਕ ਇਸ ਅਹੁਦੇ ‘ਤੇ ਰਹੇ। ਉਹ ਰੋਟਰੀ ਕਲੱਬ ਇੰਟਰਨੈਸ਼ਨਲ ਦੇ ਪ੍ਰਧਾਨ ਵੀ ਰਹੇ ਅਤੇ ਸੇਵਾ ਸਿੰਘ ਠੀਕਰੀਵਾਲਾ ਨਗਰ ਵਿਚ ਉਨ੍ਹਾਂ ਨੇ ਰੋਟਰੀ ਭਵਨ ਦੀ ਉਸਾਰੀ ਕਰਵਾਈ। ਜਿਹੜੇ ਪਟਿਆਲਵੀਆਂ ਨੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਮਾਅਰਕੇ ਦਾ ਕੰਮ ਕਰਕੇ ਵਿਲੱਖਣ ਸੇਵਾ ਕੀਤੀ ਅਤੇ ਨਾਮਣਾ ਖੱਟਿਆ ਉਨ੍ਹਾਂ ਨਾਮਵਰ ਸ਼ਖ਼ਸੀਅਤਾਂ ਨੂੰ ਪੰਜਾਬ ਰਾਈਟਰਜ਼ ਅਤੇ ਕਲਚਰਲ ਫੋਰਮ ਵੱਲੋਂ ਪਟਿਆਲਾ ਅਤੇ ਪੰਜਾਬ ਰਤਨ ਦੇ ਕੇ ਸਨਮਾਨ ਕਰਨ ਦਾ ਮਾਣ ਵੀ ਉਨ੍ਹਾਂ ਨੂੰ ਜਾਂਦਾ ਹੈ। ਉਹ ਆਪਣੇ ਪਿੱਛੇ ਹੱਸਦੇ ਵੱਸਦੇ ਵੱਡੇ ਪੋਤੇ-ਪੋਤਰੀਆਂ, ਦੋਹਤੇ ਦੋਹਤਰੀਆਂ ਅਤੇ ਪੜਪੋਤੇ ਪੋਤੀਆਂ ਦੇ ਪਰਿਵਾਰ ਛੱਡ ਗਏ ਹਨ।
ਲੇਖਕ – ਉਜਾਗਰ ਸਿੰਘ
ਮੋਬਾਈਲ: +91 94178 13072
E-mail: ujagarisngh48@yahoo.com