ਬਹਾਰਾਂ ਨੂੰ ਰਿਹਾ ਸ਼ਿਕਵਾ, ਖਿਜ਼ਾਵਾਂ ਵੀ ਖਫਾ ਹੋਈਆਂ,
ਬਦਲਨਾ ਮੌਸਮਾਂ ਦੇ ਨਾਲ, ਕਿਉਂ ਆਇਆ ਨਹੀਂ ਮੈਨੂੰ?
ਮੇਰੀ ਪੂੰਜੀ ਮੇਰੀ ਬੋਲੀ, ਮੇਰੇ ਢੋਲੇ, ਮੇਰੇ ਮਾਹੀਏ,
ਬਿਗਾਨੀ ਤਾਲ ਉੱਤੇ ਥਿਰਕਣਾ ਕਿਉਂ ਆਇਆ ਨਹੀਂ ਮੈਨੂੰ?
ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਰਹਿ ਕੇ ਵੀ ਪੰਜਾਬਣ ਮੁਟਿਆਰਾਂ ਨੇ ਲੋਕ-ਨਾਚ ਗਿੱਧੇ ਨਾਲ ਆਪਣੀ ਸਦੀਵੀ ਸਾਂਝ ਕਾਇਮ ਰੱਖੀਐ। ਨਿਊਜ਼ੀਲੈਂਡ ਵਿੱਚ 1990 ਵਿੱਚ ਗਿੱਧੇ ਦੀ ਪਲੇਠੀ ਪੇਸ਼ਕਾਰੀ ਉਦੋਂ ਹੋਈ ਜਦ ਹੈਮਿਲਟਨ ਵਿੱਚ ਪੰਜਾਬੀਆਂ ਦੇ ਨਿਊਜ਼ੀਲੈਂਡ ਵਿੱਚ 100 ਸਾਲ ਦਾ ਜਸ਼ਨ ਫਾਊਂਡਰਸ ਥੀਏਟਰ ਵਿੱਚ ਮਨਾਇਆ ਗਿਆ। ਇਸ ਗਿੱਧੇ (ਜਾਗੋ) ਦੀ ਤਿਆਰੀ ਅਤੇ ਦੇਖ-ਰੇਖ ਬਰਿੰਦਰ ਸਰਾਂ ਅਤੇ ਨਿਰਮਲ ਕੌਰ ਤੱਖਰ ਦੁਆਰਾ ਕੀਤੀ ਗਈ ਸੀ। ਉਸ ਤੋਂ ਬਾਅਦ ਵੀ ਆਉਂਦੇ ਕਈ ਸਾਲਾਂ ਤੱਕ ਬਹੁਤ ਸਮਾਗਮਾਂ/ਫੰਕਸ਼ਨਾਂ ਵਿੱਚ ਵੀ ਗਿੱਧਾ ਪਿਆ, ਪਰ ਐਸਾ ਕੋਈ ਪਲੇਟਫਾਰਮ ਨਹੀਂ ਬਣ ਸਕਿਆ ਜਿੱਥੇ ਕਿ ਪੰਜਾਬਣ ਕੁੜੀਆਂ ਨੂੰ ਸਿੱਖਣ ਦੀ ਜਾਂ ਗਿੱਧਾ ਪਾਉਣ ਦੀ ਹੱਲਾ-ਸ਼ੇਰੀ ਮਿਲ ਸਕੇ। 1999 ਵਿੱਚ ਮਿੰਦੋ ਕੌਰ ਬੋਲਾ, ਬਰਿੰਦਰ ਸਰਾਂ, ਰਾਜ ਮੁੰਡੀ, ਜਸਵਿੰਦਰ ਧਾਲੀਵਾਲ …. ਅਤੇ ਬਲਵਿੰਦਰ ਸ਼ਰਮਾਂ ਨੇ ਾਂਫਲ਼ਛਛ ਦਾ ਗਠਨ ਕੀਤਾ, ਅਤੇ ਇਨ੍ਹਾਂ ਦਾ ਮੁੱਖ ਮਕਸਦ ਸਾਲ ਵਿੱਚ ਦੋ ਵਾਰੀ ਸਮਾਗਮ ਕਰਾਵਾਉਣਾ ਸੀ, ਇਕ ਤੀਆਂ ਦਾ ਅਤੇ ਇਕ ਲੋਹੜੀ ਦਾ, ਜਿਸ ਵਿੱਚ ਕਿ ਪੰਜਾਬਣਾਂ ਦੀ ਛੁਪੀ ਹੋਈ ਅਦਾਕਾਰੀ, ਗਿੱਧੇ, ਭੰਗੜੇ, ਗਾਇਕੀ ਅਤੇ ਬੁਲਾਰੇ ਹੋਣ ਦੀ ਪ੍ਰਤਿਭਾ ਸਾਹਮਣੇ ਆ ਸਕੇ। ਸਮਾਂ ਆਪਣੀ ਚਾਲੇ ਚਲਦਾ ਗਿਆ। ਰੁਝੇਵੇਂ ਵਿੱਚੋਂ ਫੁਰਸਤ ਦੇ ਪਲ ਕੱਢਦਿਆਂ ੨੦੦੮ ਵਿੱਚ ਰਾਜ ਮੁੰਡੀ ਦੀ ਸੁਯੋਗ ਅਗਵਾਈ ਅਤੇ ਦੇਖ-ਰੇਖ ਹੇਠ ‘ਗਿੱਧੇ ਦੀਆਂ ਰਾਣੀਆਂ’ ਦੀ ਗਿੱਧਾ ਟੀਮ ਵਜੂਦ ਵਿੱਚ ਆਈ, ਜਿਨ੍ਹਾਂ ਨੇ ਆਕਲੈਂਡ ਵਿੱਚ ਹੋਈ ੨੦੦੮ ਦੀ ਗਿੱਧਾ ਪ੍ਰਤਿਯੋਗਿਤਾ ਵਿੱਚ ਰਨਰਜ਼ ਅੱਪ ਦਾ ਸਥਾਨ ਹਾਸਲ ਕੀਤਾ। ਉਦੋਂ ਤੋਂ ਹੀ ਰਾਜ ਮੁੰਡੀ ਇਸ ਟੀਮ ਦੇ ਮੈਨੇਜਰ ਅਤੇ ਪਰਮਵੀਰ ਗਿੱਲ ਕਪਤਾਨ ਹਨ। ਹਰ ਫੰਕਸ਼ਨ ਵਿੱਚ ਟੀਮ ਆਪਣੀ ਪੂਰੀ ਜੀਅ-ਜਾਨ ਨਾਲ ਗਿੱਧੇ ਦਾ ਜਲੌਅ ਪੇਸ਼ ਕਰਦੀ ਹੈ ਅਤੇ ਪੂਰੀ ਟੀਮ ਦੇ ਮੈਂਬਰਾਂ ਨੂੰ ਨਵੇਂ-ਨਵੇਂ ਸੁਝਾਅ ਦੇਣ ਲਈ ਪੂਰੇ ਅਖਤਿਆਰ ਹਨ ਅਤੇ ਇਸ ਲਈ ਉਨ੍ਹਾਂ ਨੂੰ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ।
ਇਨੀਂ ਦਿਨੀਂ ਇਹ ਟੀਮ ਪੂਰੇ ਮਾਣ ਅਤੇ ਅਦਬ ਨਾਲ ਇਹ ਟੀਮ ਹੈਮਿਲਟਨ ਦੇ ਦੋ ਪ੍ਰਮੁੱਖ ਫੰਕਸ਼ਨ ਵਿਸਾਖੀ ਅਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੇ ਜਸ਼ਨਾਂ ਵਿੱਚ ਪੇਸ਼ਕਾਰੀ ਕਰਦੀ ਹੈ। ਇਸ ਦਾ ਇਕ ਮੁੱਖ ਕਾਰਨ ਇਹ ਵੀ ਹੈ ਕਿ ਇਨਾਂ੍ਹ ਦੋ ਪ੍ਰੋਗਰਾਮਾਂ ਦੀਆਂ ਕਮੇਟੀਆਂ ਵਲੋਂ ਟੀਮ ਨੂੰ ਪੂਰਾ ਸਹਿਯੋਗ ਮਿਲਦਾ ਹੈ ਅਤੇ ਸ਼ਾਨਦਾਰ ਮਾਹੌਲ ਵਿੱਚ ਬੜੇ ਮਾਣ-ਮੱਤੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਅਜੋਕੇ ਸਮੇਂ ਵਿੱਚ, ਜਿੱਥੇ ਕਿ ਟੀਮ ਦੇ ਵਿੱਚ ਸ਼ਾਦੀ-ਸ਼ੁਦਾ ਅਤੇ ਬੱਚਿਆਂ ਦੀ ਮਾਵਾਂ ਵੀ ਟੀਮ ਦਾ ਸ਼ਿੰਗਾਰ ਹਨ, ਉੱਥੇ ਪਰਿਵਾਰ ਦੇ ਸਹਿਯੋਗ ਤੋਂ ਬਗੈਰ ਇਹ ਸੰਭਵ ਨਹੀਂ ਹੈ। ਪਰ ਆਪਣੇ ਵਿਰਸੇ ਅਤੇ ਸਭਿਆਚਾਰ ਨੂੰ ਇਸ ਪ੍ਰਦੇਸ ਵਿੱਚ ਜਿਉਂਦਿਆਂ ਰੱਖਣ ਲਈ ਯਤਨਸ਼ੀਲ ਇਹ ਟੀਮ ਹੈਮਿਲਟਨ ਦੇ ਸਭ ਪੰਜਾਬੀਆਂ ਦੇ ਸਹਿਯੋਗ ਲਈ ਰਿਣੀ ਹੈ ਅਤੇ ਨਵੀਂ ਪੀੜ੍ਹੀ ਵੀ ਸਾਥ ਦੇ ਰਹੀ ਹੈ। ਉਨ੍ਹਾਂ ਦੇ ਉਤਸ਼ਾਹ ਸਕਦਾ ਅਗਾਂਹ ਵੀ ਗਿੱਧੇ ਦੀਆਂ ਰਾਣੀਆਂ ਦੀ ਇਹ ਟੀਮ ਮਾਣ-ਮੱਤੇ ਤਰੀਕੇ ਨਾਲ ਸਟੇਜ ਤੇ ਪੇਸ਼ਕਾਰੀ ਕਰਦੀ ਰਹੇਗੀ। ਦੇਸ਼ ਕੌਮ ਦਾ ਮਾਣ ਬਣੀਆਂ ਰਹਿਣ ਗਿੱਧੇ ਦੀਆਂ ਰਾਣੀਆਂ। ਆਮੀਨ…!
Home Page ਗਿੱਧੇ ਦਾ ਸ਼ਿੰਗਾਰ ਹਨ-ਵਾਇਕਾਟੋ ਪੰਜਾਬੀ ਲੇਡੀਜ਼ ਕਲਚਰਲ ਕਲੱਬ ਦੀਆਂ ਗਿੱਧੇ ਦੀਆਂ ਰਾਣੀਆਂ