ਪੰਜਾਬ ਦੀ ਚਰਚਿਤ ਬੋਲੀ ਦੇ ਮਜ਼ਾਕੀਆ ਪਾਤਰ ਗਿਰਧਾਰੀ ਲਾਲ ਬਾਰੇ ਗਿੱਪੀ ਗਰੇਵਾਲ ਦੀ ਲਿਖੀ ਤੇ ਡਾਇਰੈਕਟ ਕੀਤੀ ਪੇਂਡੂ ਕਲਚਰ ਦੀਆਂ ਮਹਿਕਾਂ ਬਿਖੇਰ ਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸ ਵਿੱਚ ਗਿੱਪੀ ਗਰੇਵਾਲ ਨੇ ਇੱਕ ਅਜਿਹੇ ਬੇਪ੍ਰਵਾਹ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ ਜੋ ਪਿੰਡ ਦੀਆਂ ਸੋਹਣੀਆਂ ਜ਼ਨਾਨੀਆਂ ਦਾ ਝਾਕਾ ਲੈਣ ਦਾ ਆਦੀ ਹੈ। ਫਿਲਮ ਵਿੱਚ ਇਕ ਨਹੀਂ ਬਲਕਿ ਅਨੇਕਾਂ ਨਾਮਵਰ ਹੀਰੋਇਨਾਂ ਵਿਖਾਈ ਦਿੰਦੀਆਂ ਹਨ ਜੋ ਸਮੇਂ-ਸਮੇਂ ਸਿਰ ਗਿਰਧਾਰੀ ਲਾਲ ਦੀ ਜ਼ਿੰਦਗੀ ‘ਚ ਆਉਂਦੀਆਂ ਹਨ। ਫਿਲਮ ‘ਚ ਪਿੰਡ ਦਾ ਕਲਚਰ ਵਿਖਾਉਣ ਲਈ 1940 ਦੇ ਸਮੇਂ ਦੇ ਪੁਰਾਣੇ ਘਰਾਂ ਦਾ ਸੈੱਟ ਲਿਆ ਗਿਆ ਹੈ।
ਟਰੇਲਰ ਮੁਤਾਬਿਕ ਇਹ ਫਿਲਮ ਇੱਕ ਸਧਾਰਨ ਕਿਸਮ ਦੇ ਛੜੇ ਬੰਦੇ ਦੇ ਹਸੀਨ ਸੁਪਨਿਆਂ ਦੀ ਕਹਾਣੀ ਪੇਸ਼ ਕਰਦੀ ਹੈ ਜਿਸ ਨੂੰ ਪਿੰਡ ਦੀਆਂ ਸਾਰੀਆਂ ਜ਼ਨਾਨੀਆਂ ਚੰਗੀਆਂ ਲੱਗਦੀਆਂ ਹਨ ਪਰ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਪਣੇ ਆਪ ਨੂੰ ਚੰਗਾ ਵਿਖਾਉਣ ਲਈ ਗਿਰਧਾਰੀ ਲਾਲ ਜੋ ਸਕੀਮਾਂ ਘੜਦਾ ਹੈ ਉਹੋ ਫਿਲਮ ਦੀ ਰੋਚਕਤਾ ਨੂੰ ਵਧਾਉਂਦੀਆਂ ਹਨ। ਫਿਲਮ ਦਾ ਗੀਤ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਗਿੱਪੀ ਗਰੇਵਾਲ ਵੱਲੋਂ ਖ਼ੁਦ ਡਾਇਰੈਕਟ ਕੀਤੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਅਦਾਕਾਰਾ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸਾਰਾ ਗੁਰਪਾਲ, ਯਾਮੀ ਗੌਤਮ, ਤਨੂ ਗਰੇਵਾਲ, ਸੁਰੀਲੀ ਗੌਤਮ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਹੈ ਅਤੇ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਹਨ। ਇਸ ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖਿਆ ਹੈ ਅਤੇ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ ਨੇ ਲਿਖੇ ਹਨ। ਨਾਮੀ ਗੀਤਕਾਰ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈ। ਆਉਣ ਵਾਲੀ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਦੀ ਇੱਕ ਨਵੀਂ ਸੌਗਾਤ ਹੋਵੇਗੀ।
ਹਰਜਿੰਦਰ ਸਿੰਘ ਜਵੰਦਾ
ਮੋਬਾਈਲ: +91 9463828000
Entertainment ਗਿੱਪੀ ਗਰੇਵਾਲ ਦੀ ਫਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’ ਦਿਲਚਸਪ ਕਹਾਣੀ ਅਤੇ ਸਾਰਥਿਕ...