ਗੁਜਰਾਤ ਚੋਣਾਂ: ਅੱਜ ਦੂਜੇ ਅਤੇ ਆਖਰੀ ਗੇੜ ਦੀਆਂ 93 ਸੀਟਾਂ ਲਈ ਵੋਟਾਂ, 833 ਉਮੀਦਵਾਰਾਂ ਦੀ ਕਿਸਮਤ ਲੱਗੀ ਦਾਅ ’ਤੇ

ਅਹਿਮਦਾਬਾਦ, 4 ਦਸੰਬਰ – ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਗੇੜ ਲਈ ਉੱਤਰੀ ਅਤੇ ਮੱਧ ਜ਼ਿਲ੍ਹਿਆਂ ’ਚ ਪੈਂਦੀਆਂ 93 ਸੀਟਾਂ ਲਈ ਵੋਟਾਂ ਪੈਣਗੀਆਂ। ਦੂਜੇ ਗੇੜ ਦੀਆਂ ਚੋਣਾਂ ’ਚ 833 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚੋਂ 285 ਉਮੀਦਵਾਰ ਆਜ਼ਾਦ ਵਜੋਂ ਚੋਣ ਲੜ ਰਹੇ ਹਨ। ਇਹ ਸੀਟਾਂ ਅਹਿਮਦਾਬਾਦ, ਵਡੋਦਰਾ, ਗਾਂਧੀਨਗਰ ਅਤੇ ਹੋਰ ਜ਼ਿਲ੍ਹਿਆਂ ’ਚ ਪੈਂਦੀਆਂ ਹਨ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਹੁਕਮਰਾਨ ਭਾਜਪਾ ਨੇ ਇਨ੍ਹਾਂ ’ਚੋਂ 51 ਅਤੇ ਕਾਂਗਰਸ ਨੇ 39 ਸੀਟਾਂ ਜਿੱਤੀਆਂ ਸਨ ਜਦਕਿ ਤਿੰਨ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਖਾਤੇ ’ਚ ਗਈਆਂ ਸਨ। ਮੱਧ ਗੁਜਰਾਤ ’ਚ ਭਾਜਪਾ ਨੇ 37 ਅਤੇ ਕਾਂਗਰਸ ਨੇ 22 ਸੀਟਾਂ ਹਾਸਲ ਕੀਤੀਆਂ ਸਨ ਪਰ ਉੱਤਰੀ ਗੁਜਰਾਤ ’ਚ ਕਾਂਗਰਸ ਨੂੰ 17 ਅਤੇ ਭਗਵਾ ਪਾਰਟੀ ਨੂੰ 14 ਸੀਟਾਂ ਮਿਲੀਆਂ ਸਨ। ਦੂਜੇ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਸ਼ਨਿਚਰਵਾਰ ਸ਼ਾਮ ਬੰਦ ਹੋ ਗਿਆ ਸੀ। ਪਹਿਲੇ ਗੇੜ ’ਚ ਸੌਰਾਸ਼ਟਰ, ਕੱਛ ਅਤੇ ਦੱਖਣੀ ਗੁਜਰਾਤ ਖ਼ਿੱਤਿਆਂ ’ਚ 89 ਸੀਟਾਂ ’ਤੇ ਔਸਤਨ 63.31 ਫ਼ੀਸਦ ਵੋਟਿੰਗ ਦਰਜ ਹੋਈ ਸੀ।
ਇਸ ਗੇੜ ’ਚ 2.51 ਕਰੋੜ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਦੇ ਯੋਗ ਹਨ। ਚੋਣ ਕਮਿਸ਼ਨ ਨੇ 14,975 ਪੋਲਿੰਗ ਸਟੇਸ਼ਨ ਬਣਾਏ ਹਨ ਜਿਨ੍ਹਾਂ ’ਚ 1.13 ਲੱਖ ਅਮਲਾ ਤਾਇਨਾਤ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਗੁਜਰਾਤ ਚੋਣਾਂ ਦੇ ਪਹਿਲੇ ਗੇੜ ਲਈ ਇੱਕ ਦਸੰਬਰ ਨੂੰ ਵੋਟਾਂ ਪਈਆਂ ਸਨ। ਇਸ ਦੌਰਾਨ ਪੋਲਿੰਗ ਫੀਸਦ 63.14 ਰਹੀ ਸੀ।