ਗੁਜਰਾਤ ਵਿਧਾਨ ਸਭਾ ਚੋਣਾਂ 2022: 89 ਸੀਟਾਂ, 788 ਉਮੀਦਵਾਰ, ਪਹਿਲੇ ਪੜਾਅ ਲਈ ਅੱਜ ਵੋਟਿੰਗ

ਅਹਿਮਦਾਬਾਦ, 1 ਦਸੰਬਰ – ਗੁਜਰਾਤ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ ‘ਚੋਂ 89 ਸੀਟਾਂ ‘ਤੇ ਵੀਰਵਾਰ ਨੂੰ ਪਹਿਲੇ ਪੜਾਅ ‘ਚ ਵੋਟਾਂ ਪੈਣਗੀਆਂ। ਇਹ ਸੀਟਾਂ ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਫੈਲੀਆਂ ਹੋਈਆਂ ਹਨ ਅਤੇ ਇਸ ਪੜਾਅ ਵਿੱਚ ਕੁੱਲ 788 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਵਾਲੇ ਸੂਬੇ ‘ਚ ਪਹਿਲੇ ਪੜਾਅ ਦੀ ਵੋਟਿੰਗ ਲਈ ਪ੍ਰਚਾਰ ਮੰਗਲਵਾਰ ਸ਼ਾਮ 5 ਵਜੇ ਖਤਮ ਹੋ ਗਿਆ। ਪਹਿਲੇ ਪੜਾਅ ਦੀ ਵੋਟਿੰਗ ਲਈ 14,382 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
ਜਿਨ੍ਹਾਂ 89 ਸੀਟਾਂ ‘ਤੇ ਪਹਿਲੇ ਪੜਾਅ ‘ਚ ਵੋਟਿੰਗ ਹੋ ਰਹੀ ਹੈ, ਇਨ੍ਹਾਂ ਵਿੱਚੋਂ 48 ਭਾਜਪਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤੀਆਂ ਸਨ। ਜਦਕਿ ਕਾਂਗਰਸ ਦੇ ਖਾਤੇ ‘ਚ 40 ਸੀਟਾਂ ਆਈਆਂ ਹਨ। ਇੱਕ ਸੀਟ ‘ਤੇ ਆਜ਼ਾਦ ਵਿਧਾਇਕ ਬਣੇ ਸਨ।
ਇਸ ਚੋਣ ਵਿੱਚ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਬਹੁਜਨ ਸਮਾਜਵਾਦੀ ਪਾਰਟੀ (ਬੀਐਸਪੀ), ਸਮਾਜਵਾਦੀ ਪਾਰਟੀ (ਐਸਪੀ), ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐਮ), ਭਾਰਤੀ ਕਬਾਇਲੀ ਪਾਰਟੀ (ਬੀਟੀਪੀ) ਸਮੇਤ 36 ਹੋਰ ਪਾਰਟੀਆਂ ਨੇ ਵੀ ਪਹਿਲੇ ਪੜਾਅ ਦੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਭਾਜਪਾ ਅਤੇ ਕਾਂਗਰਸ ਨੇ ਸਾਰੀਆਂ 89 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।