ਨੌਜਵਾਨਾਂ ਦੀ ਸਿਹਤ ਵਾਸਤੇ ਦਿੱਲੀ ਕਮੇਟੀ ਕਰੇਗੀ ਵੱਡੇ ਉਪਰਾਲੇ – ਪ੍ਰਧਾਨ ਜੀ. ਕੇ.
ਨਵੀਂ ਦਿੱਲੀ , 18 ਮਾਰਚ – ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖਾਂ ਨੂੰ ਮਾਨਸਿਕ, ਰੂਹਾਨੀ ਅਤੇ ਸਰੀਰਕ ਪੱਖੋਂ ਸਿਹਤਮੰਦ ਰੱਖਣ ਲਈ ਸ਼ੁਰੂ ਕੀਤੇ ਗਏ ਸ਼ਸਤਰ ਕਲਾ ਮੁਕਾਬਲਿਆਂ ਦੇ ਰੂਪ ਵਿੱਚ ਜਾਣੇ ਜਾਂਦੇ ਅਤੇ ਖਾਲਸੇ ਦੀ ਚੜ੍ਹਦੀ ਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਹੋਲੇ ਮਹੱਲੇ ‘ਤੇ ਦਿੱਲੀ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਨੌਜਵਾਨਾ ਨੂੰ ਚੁਸਤ ਤੇ ਤੰਦਰੁਸਤ ਰੱਖਣ ਲਈ ਸਰੀਰਕ ਅਤੇ ਮਾਨਸਿਕ ਸਿਹਤਮੰਦ ਮਾਹੌਲ ਉਪਲਬਧ ਕਰਾਉਣ ਵਾਸਤੇ ਨੌਜਵਾਨਾਂ ਨੂੰ ਕਬੱਡੀ ਵਰਗੇ ਖੇਡ ਅਤੇ ਗਤਕਾ ਆਦਿਕ ਨਾਲ ਜੋੜਨ ਵਾਸਤੇ ਵੱਡੇ ਉਪਰਾਲੇ ਕਰਨ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਨੌਜਵਾਨਾਂ ਨੂੰ ਨਸ਼ਾ……… ਮੁਕਤ ਵਾਤਾਵਰਨ ਸ਼ਬਦ ਗੁਰੂ ਨਾਲ ਜੋੜ ਕੇ ਦੇਣ ਦਾ ਵੀ ਦਾਅਵਾ ਕੀਤਾ।
ਹੋਲੇ ਮਹੱਲੇ ਦੇ ਸੰਖੇਪ ਇਤਿਹਾਸ ਤੋਂ ਜਾਣੂ ਕਰਾਉਂਦੇ ਹੋਏ ਜੀ. ਕੇ. ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਵੀ ਪ੍ਰੇਰਣਾ ਦਿੱਤੀ। 23 ਮਾਰਚ ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਸਫ਼ਾਈ ਵਾਸਤੇ ਹੋਣ ਜਾ ਰਹੀ ਕਾਰ ਸੇਵਾ ਵਿੱਚ ਸਾਰੀਆਂ ਕਾਰਸੇਵਾ ਸੰਪਰਦਾਵਾਂ ਦੇ ਮੁਖੀਆਂ ਨੂੰ ਬੁਲਾਉਣ ਦੀ ਗੱਲ ਕਰਦੇ ਹੋਏ ਜੀ. ਕੇ. ਨੇ ਦਿੱਲੀ ਫਤਿਹ ਦਿਵਸ ਦੇ ਮੌਕੇ ਤੇ ਕਮੇਟੀ ਵੱਲੋਂ ਉਲੀਕੇ ਗਏ ਸਮਾਗਮਾਂ ਦੀ ਤਰਜ਼ ‘ਤੇ ਅੱਗੇ ਵੀ ਅਣਗੌਲੇ ਹੋਏ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਜੋੜਨ ਦਾ ਭਰੋਸਾ ਵੀ ਦਿੱਤਾ। ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਰੋਧੀ ਲੋਕਾਂ ਨੂੰ ਕੌਮ ਦਾ ਦੀਮਕ ਕਰਾਰ ਦਿੰਦੇ ਹੋਏ ਸੰਗਤਾਂ ਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਗੱਲ ਕਰਨ ਦੇ ਨਾਲ ਹੀ ਜੈਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਕਾਇਮ ਰੱਖਣ ਦਾ ਅਹਿਦ ਵੀ ਲਿਆ। ਰਾਣਾ ਨੇ ਸੰਗਤਾਂ ਨੂੰ ਆਪ ਘਰ-ਘਰ ਵਿੱਚ ਪ੍ਰਚਾਰਕ ਬਣਦੇ ਹੋਏ ਗੁਰਮਤਿ ਤੋਂ ਦੂਰ ਜਾ ਚੁਕੇ ਨੌਜਵਾਨਾਂ ਨੂੰ ਗੁਰਮਤਿ ਦਾ ਧਾਰਣੀ ਬਣਾਉਣ ਦੀ ਵੀ ਅਪੀਲ ਕੀਤੀ।
ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਨੇ ਦਿੱਲੀ ਫਤਿਹ ਦਿਵਸ ਮਨਾਉਣ ਲਈ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਉਪਰਾਲਿਆਂ ਸਦਕਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦਾ ਧੰਨਵਾਦ ਸੰਗਤਾਂ ਵੱਲੋਂ ਕਰਦੇ ਹੋਏ ਉਨ੍ਹਾਂ ਦੀ ਸਿਹਤਯਾਬੀ ਦੀ ਵੀ ਕਾਮਨਾ ਕਰਨ ਦੇ ਨਾਲ ਹੀ ਕਾਰਸੇਵਾ ਦੇ ਚਲ ਰਹੇ ਕਾਰਜਾਂ ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਪੰਥ ਪ੍ਰਤਿ ਕੀਤੀਆਂ ਗਈਆਂ ਸੇਵਾਵਾਂ ਨੂੰ ਦੇਖਦੇ ਹੋਏ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲੇ ਅਤੇ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਦਾ ਸਨਮਾਨ ਕਰਦੇ ਹੋਏ ਸੰਗਤਾਂ ਨੂੰ ਚਲ ਰਹੇ ਕਾਰਜਾਂ ਵਿੱਚ ਆਪਣਾ ਦਸਵੰਧ ਭੇਟ ਕਰਨ ਦੀ ਵੀ ਬੇਨਤੀ ਕੀਤੀ।
ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਭਾਈ ਅਮਰਜੀਤ ਸਿੰਘ ਪਟਿਆਲਾ, ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਜਗਪ੍ਰੀਤ ਸਿੰਘ ਪਟਿਆਲਾ ਨੇ ਇਸ ਮੌਕੇ ਸੰਗਤਾਂ ਨੂੰ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ। ਦਿੱਲੀ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ, ਕੁਲਦੀਪ ਸਿੰਘ ਸਾਹਨੀ, ਦਰਸ਼ਨ ਸਿੰਘ, ਸਤਪਾਲ ਸਿੰਘ, ਪਰਮਜੀਤ ਸਿੰਘ ਚੰਢੋਕ, ਰਵੇਲ ਸਿੰਘ, ਮਨਮੋਹਨ ਸਿੰਘ ਅਤੇ ਗੁਰਦੁਆਰਾ ਦਮਦਮਾ ਸਾਹਿਬ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਵੀ ਇਸ ਮੌਕੇ ਮੌਜੂਦ ਸਨ।
Indian News ਗੁਰਦੁਆਰਾ ਦਮਦਮਾ ਸਾਹਿਬ ਵਿਖੇ ਦਿਲੀ ਕਮੇਟੀ ਵੱਲੋਂ ਗੁਰਮਤਿ ਸਮਾਗਮ