ਆਕਲੈਂਡ, 7 ਫਰਵਰੀ (ਹਰਜਿੰਦਰ ਸਿੰਘ ਬਸਿਆਲਾ/ਕੂਕ ਪੰਜਾਬੀ ਸਮਾਚਾਰ) – ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ 5 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 646ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦਾ ਆਖ਼ਰੀ ਪ੍ਰੋਗਰਾਮ ਸੰਪੂਰਨ ਹੋਇਆ। ਗੁਰਪੁਰਬ ਮੌਕੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ।
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਕੀਰਤਨ ਦੀਵਾਨ ਦੇ ਵਿੱਚ ਭਾਈ ਲਾਲ ਸਿੰਘ ਦੇ ਜੱਥੇ ਨੇ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾਈ ਹੈ। ਢਾਡੀ ਜੱਥਾ ਭਾਈ ਕਸ਼ਮੀਰ ਸਿੰਘ ਕਾਦਰ ਜੋ ਕਿ ਟੌਰੰਗਾ ਸਿਟੀ ਵਿਖੇ ਗੁਰਦੁਆਰਾ ਸਿੱਖ ਸੰਗਤ ਪਹੁੰਚੇ ਹੋਏ ਹਨ, ਉਨ੍ਹਾਂ ਨੇ ਵੀ ਆਪਣੇ ਜੱਥੇ ਸਮੇਤ ਹਾਜ਼ਰੀ ਭਰ ਕੇ ਸੰਗਤਾਂ ਨੂੰ ਢਾਡੀ ਵਾਰਾਂ ਦੇ ਨਾਲ ਜੋੜਿਆ। ਢਾਡੀ ਜੱਥੇ ਨੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਪ੍ਰਸੰਗ ਨਾਲ ਸਬੰਧੀ ਬਹੁਤ ਹੀ ਸੁੰਦਰ ਗਾਥਾਵਾਂ ਸੁਣਾਈਆਂ। ਸਟੇਜ ਸੰਚਾਲਨ ਸਕੱਤਰ ਅਵਤਾਰ ਸਿੰਘ ਹੋਰਾਂ ਨੇ ਕੀਤਾ। ਭਾਈ ਮਲਕੀਤ ਸਿੰਘ ਸਹੋਤਾ ਹੋਰਾਂ ਅਤੇ ਕਾਕਾ ਰੋਹਿਨ ਮਹੇ ਨੇ ਇੱਕ-ਇੱਕ ਸ਼ਬਦ ਸਰਵਣ ਕਰਵਾਇਆ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਸ ਵਿੱਚ ਸ੍ਰੀ ਲਾਲ ਚੰਦ, ਸ੍ਰੀਮਤੀ ਸੁਰਜੀਤ ਕੌਰ, ਸੁਰਿੰਦਰ ਕੌਰ ਭੱਟੀ, ਸੁਰਜੀਤ ਕੌਰ, ਹਰਭਜਨ ਢੰਡਾ, ਜਤਿੰਦਰ ਢੰਡਾ, ਅਮਰਜੀਤ ਬੰਗੜ, ਸ੍ਰੀ ਲੰਕੇਸ਼ ਸਹਿਗਲ ਚੰਡੀਗੜ੍ਹ, ਕੁਲਜੀਤ ਸਿੰਘ, ਮੋਹਿੰਦਰ ਪਾਲ, ਸ੍ਰੀ ਰੇਸ਼ਮ ਕਰੀਮਪੁਰੀ, ਪਰਮਜੀਤ ਬਿਰਦੀ ਅਤੇ ਹੋਰ ਸੇਵਾਦਾਰ ਸ਼ਾਮਿਲ ਸਨ। ਇਸ ਮੌਕੇ ਪੰਜਾਬ ਤੋਂ ਆਪਣੇ ਨਿੱਜੀ ਦੌਰੇ ‘ਤੇ ਆਏ ਹੋਏ ਪ੍ਰਸਿੱਧ ਕਵੀ ਤੇ ਲੇਖਕ ਸ. ਹਰਗੋਬਿੰਦ ਸਿੰਘ ਸ਼ੇਖੂਪੁਰੀਆ ਦੀ ਕਿਤਾਬ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਨੂੰ ਭੇਟ ਕੀਤੀ ਗਈ।
ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਮਾਗਮ ‘ਚ ਵੱਡੀ ਗਿਣਤੀ ਦੇ ਵਿੱਚ ਸੰਗਤ ਗੁਰਦੁਆਰਾ ਸਾਹਿਬ ਜੁੜੀ। ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਦੇ ਵਿੱਚ ਪੂਰੀ ਥਾਂ ਭਰ ਗਈ ਸੀ ਅਤੇ ਕਾਰਾਂ ਬਾਹਰਲੀ ਸੜਕ ਉੱਤੇ ਲਗਾਉਣੀਆਂ ਪਈਆਂ। ਇਸ ਮੌਕੇ ਪਾਪਾਕੁਰਾ ਤੋਂ ਸਾਂਸਦ ਜੂਠਿਥ ਕੌਲਿਨ ਅਤੇ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੀ ਪਹੁੰਚੇ ਸਨ। ਪ੍ਰਧਾਨ ਰਾਮ ਸਿੰਘ ਚੌਕੜੀਆ ਅਤੇ ਕਮੇਟੀ ਵੱਲੋਂ ਕੁੱਝ ਸ਼ਖ਼ਸੀਅਤਾਂ ਨੂੰ ਗੁਰੂ ਘਰ ਵਿਖੇ ਸੇਵਾਵਾਂ ਦੇਣ ਲਈ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਪਰਮਜੀਤ ਮਹਿਮੀ, ਹੰਸ ਰਾਜ ਕਟਾਰੀਆ ਵਾਈਸ ਸਕੱਤਰ ਜਨਰਲ, ਪ੍ਰਸਿੱਧ ਕਵੀ ਸ. ਗੁਰਿੰਦਰ ਸਿੰਘ ਜੀ, ਸ. ਨਰਿੰਦਰ ਸਹੋਤਾ ਅਤੇ ਸ. ਕਰਮਜੀਤ ਸਿੰਘ ਤਲਵਾਰ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਪ੍ਰਧਾਨ ਰਾਮ ਸਿੰਘ ਚੌਕੜੀਆ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ, ਲੰਗਰ ਹਾਲ ਅਤੇ ਰਸੋਈ ਘਰ ਵਿੱਚ ਸੇਵਾਵਾਂ ਨਿਭਾ ਰਹੀਆਂ ਮਹਿਲਾਵਾਂ ਅਤੇ ਸੇਵਾਦਾਰ ਮੈਂਬਰਸ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਗਿਆ। ਸਕੱਤਰ ਸਾਹਿਬ ਵੱਲੋਂ ਰਹਿ ਗਈਆਂ ਕਮੀਆਂ ਲਈ ਸੰਗਤ ਤੋਂ ਖਿਮਾ ਯਾਚਿਕਾ ਮੰਗੀ ਗਈ।
Home Page ਗੁਰਦੁਆਰਾ ਬੰਬੇ ਹਿੱਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 646ਵਾਂ ਪ੍ਰਕਾਸ਼ ਪੁਰਬ...