ਗੁਰਦੁਆਰਾ ਸਾਹਿਬ ਨਾਨਕਸਰ ਵਿਖੇ ਪਹੁੰਚੇ ਨਿਊਜ਼ੀਲੈਂਡ ਦੇ ਸਿਹਤ ਮੰਤਰੀ, ਟਰਾਂਸਪੋਰਟ ਮੰਤਰੀ ਅਤੇ ਸਥਾਨਕ ਸਾਂਸਦ

ਕੋਰੋਨਾ ਵੈਕਸੀਨ, ਪੈਦਲ ਕ੍ਰਾਸਿੰਗ ਅਤੇ ਕਮਿਊਨਿਟੀ ਮੁੱਦਿਆਂ ਉੱਤੇ ਵਿਚਾਰ ਹੋਈ
ਆਕਲੈਂਡ, 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)
– 13 ਅਪ੍ਰੈਲ ਨੂੰ ਖਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਵਾਲੇ ਦਿਨ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਨਿਊਜ਼ੀਲੈਂਡ ਦੇ ਸਿਹਤ ਮੰਤਰੀ ਸ੍ਰੀ ਐਂਡਰਿਊ ਲਿਟਲ, ਟਰਾਂਸਪੋਰਟ ਮੰਤਰੀ ਸ੍ਰੀ ਮਾਈਕਲ ਵੁੱਡ, ਮੈਨੁਰੇਵਾ ਤੋਂ ਸਾਂਸਦ ਅਰੀਨਾ ਵਿਲੀਅਮ, ਟਾਕਾਨੀਨੀ ਤੋਂ ਸਾਂਸਦ ਡਾ. ਨੀਰੂ ਲੇਵਾਸਾ, ਲੇਬਰ ਇਲੈਕਟੋਰੇਟ ਕਮੇਟੀ ਦੀ ਚੇਅਰਪਰਸਨ ਐਨ ਸਿੰਘ, ਕੰਪੇਨ ਮੈਨੇਜਰ ਰਹੇ ਸ. ਖੜਗ ਸਿੰਘ ਅਤੇ ਸਰਗਰਮ ਮੈਂਬਰ ਸ੍ਰੀ ਰਾਜ ਪ੍ਰਦੀਪ ਸਿੰਘ ਨੇ ਲੇਬਰ ਸਰਕਾਰ ਦੇ ਵੱਲੋਂ ਕਮਿਊਨਿਟੀ ਅੱਪਡੇਟ ਦੇਣ ਲਈ ਸ਼ਿਰਕਤ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੈਰਿਸਟਰ ਸ. ਰਣਵੀਰ ਸਿੰਘ ਸੰਧੂ ਹੋਰਾਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਮੌਕੇ ਉਨ੍ਹਾਂ ਨਾਲ ਸ. ਹਰਪ੍ਰੀਤ ਸਿੰਘ ਕੰਗ, ਸ. ਬਲਬੀਰ ਸਿੰਘ ਪਾਬਲਾ, ਸ. ਦਾਰਾ ਸਿੰਘ, ਸ. ਵਰਿੰਦਰ ਸਿੰਘ ਬਰੇਲੀ, ਸ. ਮਨਜੀਤ ਸਿੰਘ ਫਾਕਾਟਾਨੀ, ਸ੍ਰੀ ਜੇ. ਡੀ ਅਤੇ ਹੋਰ ਕਮਿਊਨਿਟੀ ਮੈਂਬਰ ਹਾਜ਼ਰ ਸਨ।
ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਪਹਿਲਾਂ ਰਸਮੀ ਮੀਟਿੰਗ ‘ਨਾਨਕਸਰ ਐਜੂਕੇਸ਼ਨ ਫੁਲਬਾੜੀ’ ਸਕੂਲ ਦੇ ਵਿੱਚ ਹੋਈ, ਜਿੱਥੇ ਸਕੂਲ ਅਧਿਆਪਕ ਵੀ ਹਾਜ਼ਰ ਸਨ। ਸਿਹਤ ਮੰਤਰੀ ਸ੍ਰੀ ਐਂਡਰਿਊ ਲਿਟਲ ਹੋਰਾਂ ਸਰਕਾਰ ਵੱਲੋਂ ਚੱਲ ਰਹੇ ਕੋਰੋਨਾ ਵੈਕਸੀਨ ਦੇ ਅਭਿਆਨ ਬਾਰੇ ਅੱਪਡੇਟ ਦਿੰਦਿਆਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤ ਸੁਰੱਖਿਆ ਵਾਸਤੇ ਇਹ ਟੀਕੇ ਹਰ ਇਕ ਦੇ ਲਈ ਫ਼ਾਇਦੇਮੰਦ ਹਨ। ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਾਰਿਆਂ ਦੇ ਲਈ ਟੀਕੇ ਉਪਲਬਧ ਹੋਣ ਅਤੇ ਮਹਾਂਮਾਰੀ ਤੋਂ ਬਚਾਅ ਹੋ ਸਕੇ। ਚਲਦੀਆਂ ਗੱਲਾਂ ਦੇ ਵਿੱਚ ਇਮੀਗ੍ਰੇਸ਼ਨ ਮਾਮਲਾ ਵੀ ਸਾਹਮਣੇ ਲਿਆਂਦਾ ਗਿਆ ਤਾਂ ਕਿ ਇਨ੍ਹਾਂ ਸਾਂਸਦਾਂ ਦੇ ਰਾਹੀਂ ਵੀਜ਼ੇ ਹੋਣ ਦੇ ਬਾਵਜੂਦ ਭਾਰਤ ਫਸ ਕੇ ਰਹਿ ਗਏ ਲੋਕਾਂ ਦੀ ਵਾਪਸੀ ਲਈ ਕੋਈ ਹੱਲ ਲੱਭਿਆ ਜਾ ਸਕੇ। ਉਨ੍ਹਾਂ ਇਸ ਗੱਲ ਨੂੰ ਸਮਝਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਪ੍ਰਤੀ ਚਿੰਤਤ ਹੈ ਅਤੇ ਨਾਲ ਹੀ ਨਿਊਜ਼ੀਲੈਂਡ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਵੀ ਧਿਆਨ ਦੇ ਰਹੀ ਹੈ। ਟਰਾਂਸਪੋਰਟ ਮੰਤਰੀ ਨੂੰ ਸ. ਰਣਵੀਰ ਸਿੰਘ ਸੰਧੂ ਨੇ ਗੁਰਦੁਆਰਾ ਸਾਹਿਬ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੈਦਲ ਕ੍ਰਾਸਿੰਗ ਦੇ ਲਈ (ਪਡੈਸਟ੍ਰੇਨਜ਼) ਦਾ ਪ੍ਰਬੰਧ ਕੀਤਾ ਜਾਵੇ ਅਤੇ ਉਨ੍ਹਾਂ ਕਿਹਾ ਕਿ ਉਹ ਇਸ ਅਰਜ਼ੀ ਦੀ ਹਮਾਇਤ ਕਰਨਗੇ ਅਤੇ ਸਥਾਨਕ ਕੌਂਸਲ ਅਤੇ ਬੋਰਡ ਮੈਂਬਰਾਂ ਦਾ ਸਾਥ ਦੇਣਗੇ। ਡਾ. ਨੀਰੂ ਲੇਵਾਸਾ ਅਤੇ ਸਾਂਸਦ ਅਰੀਨਾ ਵਿਲੀਅਮ ਨੇ ਕਿਹਾ ਕਿ ਉਹ ਤੁਹਾਡੇ ਆਪਣੇ ਸਾਂਸਦ ਹਨ ਅਤੇ ਹਰ ਵੇਲੇ ਕਮਿਊਨਿਟੀ ਸੇਵਾ ਦੇ ਲਈ ਹਾਜ਼ਰ ਹੁੰਦੇ ਹਨ। ਐਨ ਸਿੰਘ ਨੇ ਪੰਜਾਬੀ ਦੇ ਵਿੱਚ ਸੰਬੋਧਨ ਕੀਤਾ ਅਤੇ ਸ੍ਰੀ ਰਾਜ ਪ੍ਰਦੀਪ ਸਿੰਘ ਹੋਰਾਂ ਸਾਰੀ ਸੰਗਤ ਦਾ ਧੰਨਵਾਦ ਕੀਤਾ। ਡਾ. ਨੀਰੂ ਲੇਵਾਸਾ ਨੇ ਕਿਹਾ ਕਿ ਉਹ ਮੂਹਰਲੀ ਕਤਾਰ ਦੇ ਵਿੱਚ ਖ਼ੁਦ ਕੰਮ ਕਰਦੇ ਹਨ ਅਤੇ ਦੋ ਟੀਕੇ ਵੈਕਸੀਨ ਦੇ ਲਵਾ ਚੁੱਕੇ ਹਨ ਅਤੇ ਲੋਕਾਂ ਨੂੰ ਬਿਨਾਂ ਕਿਸੇ ਡਰ ਦੇ ਟੀਕੇ ਲਗਵਾਉਣ ਦੀ ਸਲਾਹ ਦਿੱਤੀ। ਇਹ ਵੀ ਅਪੀਲ ਕੀਤੀ ਗਈ ਕਿ ਟੀਕੇ ਲਗਵਾਉਣ ਲਈ ਆਸਾਨ ਤਰੀਕਾ ਅਤੇ ਥਾਵਾਂ ਦੀ ਚੋਣ ਕੀਤੀ ਜਾਵੇ। ਜੇਕਰ ਗੁਰਦੁਆਰਾ ਸਾਹਿਬ ਦੇ ਅਸਥਾਨ ਨੂੰ ਟੀਕੇ ਲਗਾਉਣ ਲਈ ਵਰਤਣ ਦੀ ਗੱਲ ਹੋਵੇ ਤਾਂ ਉਹ ਵੀ ਪੇਸ਼ਕਸ਼ ਕਰ ਦਿੱਤੀ ਗਈ।
ਸ. ਖੜਗ ਸਿੰਘ ਨੇ ਇਸ ਮੌਕੇ ਸਟੇਜ ਸੰਚਾਲਨ ਕੀਤਾ ਸਾਰੇ ਮੰਤਰੀ ਸਾਹਿਬਾਨਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਕਮਿਊਨਿਟੀ ਮੰਗਾਂ ਪ੍ਰਤੀ ਧਿਆਨ ਦਿਵਾਇਆ।