
ਡੇਟਨ (ਡਾ. ਚਰਨਜੀਤ ਸਿੰਘ ਗੁਮਟਾਲਾ) – ਅਮਰੀਕਾ ਦੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਓਹਾਇਓ ਸੂਬੇ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਵੱਲੋਂ ਆਜ਼ਾਦੀ ਦਿਵਸ ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵਿਖੇ ਅਮਰੀਕਾ ਦਾ ਝੰਡਾ ਲਹਿਰਾ ਕੇ ਮਨਾਇਆ ਗਿਆ। ਬੀਵਰਕਰੀਕ ਦੇ ਮੇਅਰ ਬੌਬ ਸਟੋਨ ਤੇ ਕਮਿਸ਼ਨਰ ਰਿਕ ਪਰੇਲਸ ਮੁੱਖ ਮਹਿਮਾਨ ਸਨ। ਅਮਰੀਕਾ ਦਾ ਕੌਮੀ ਤਰਾਨਾ ਗਾਇਆ ਗਿਆ। ਗੁਰਦੁਆਰਾ ਸਾਹਿਬ ਦੀ ਗਰਾਊਂਡ ਵਿੱਚ ਨਾਖ ਦਾ ਬੂਟਾ ਲਾਉਣ ਦੀ ਰਸਮ ਵੀ ਦੋਵਾਂ ਮਹਿਮਾਨਾਂ ਨੇ ਨਿਭਾਈ। ਇਨ੍ਹਾਂ ਦੋਵਾਂ ਮਹਿਮਾਨਾਂ ਨੂੰ ਹਰਿਮੰਦਰ ਸਾਹਿਬ ‘ਤੇ ਲਿਖੀਆਂ ਪੁਸਤਕਾਂ ਵੀ ਭੇਟ ਕੀਤੀਆਂ ਗਈਆਂ। ਡਾ. ਸਿਮਰਨ ਕੌਰ ਨੇ ਉਨ੍ਹਾਂ ਨੂੰ ਜੀਅ ਆਇਆਂ ਕਿਹਾ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਸਭ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਮੇਟੀ ਦਾ ਉਨ੍ਹਾਂ ਨੇ ਇਸ ਮੌਕੇ ਬੁਲਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਦਰਸ਼ਨ ਸਿੰਘ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ ਤੇ ਅਵਤਾਰ ਸਿੰਘ ਸਪਰਿੰਗਫ਼ੀਲਡ ਨੇ ਆਪਣੇ ਵਿਚਾਰ ਪੇਸ਼ ਕੀਤੇ। ਕਮੇਟੀ ਦੇ ਸਕੱਤਰ ਪਿਆਰਾ ਸਿੰਘ ਨੇ ਆਏ ਮਹਿਮਾਨਾਂ, ਸਾਧ ਸੰਗਤ ਤੇ ਉਨ੍ਹਾਂ ਸਭਨਾਂ ਦਾ ਜਿਨ੍ਹਾਂ ਨੇ ਇਸ ਸਮਾਗਮ ਨੂੰ ਸਫਲਤਾਪੂਰਵਕ ਸਿਰੇ ਚਾੜ੍ਹਿਆ ਦਾ ਧੰਨਵਾਦ ਕੀਤਾ। ਸ. ਅਵਤਾਰ ਸਿੰਘ ਸਪਰਿੰਗਫ਼ੀਲਡ ਦਾ ਫਲੋਟ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਪਹਿਲਾਂ ਦੋਵਾਂ ਮਹਿਮਾਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਲੰਗਰ ਹਾਲ ਵਿੱਚ ਸੰਗਤ ਨਾਲ ਲੰਗਰ ਛਕਿਆ ਤੇ ਵਿਜ਼ਟਰ ਬੁੱਕ ਵਿੱਚ ਆਪਣੇ ਵਿਚਾਰ ਲਿਖੇ।
ਜਾਰੀ ਕਰਤਾ – ਡਾ. ਚਰਨਜੀਤ ਸਿੰਘ ਗੁਮਟਾਲਾ 001 937573 9812 (ਯੂਐੱਸਏ), 91 9417533060 (ਵਟਸ ਐਪ ਨੰਬਰ)