ਪੰਜ ਪਿਆਰਿਆਂ ਨੇ ਗ੍ਰੰਥੀ ਦੀ ਤਨਖਾਹ ਵਧਾ ਕੇ ਗੋਲਕ ਚੁਕਵਾਈ
ਬਠਿੰਡਾ, 18 ਅਪਰੈਲ (ਕਿਰਪਾਲ ਸਿੰਘ) – ਗੁਰਦੁਆਰਿਆਂ ਵਿੱਚ ਵੀ ਬ੍ਰਾਹਮਣਵਾਦ ਦਾ ਪਸਾਰਾ ਹੋਣ ਕਾਰਨ ਆਪੂੰ ਬਣੇ ਮਹੰਤਾਂ ਨੇ ਮਨਮਾਨੀ ਕਰਦਿਆਂ ਗੁਰੂ ਕੀ ਗੋਲਕ ਦੇ ਬਰਾਬਰ ਆਪਣੀਆਂ ਗੋਲਕਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸਦੀ ਜਿਉਂਦੀ ਜਾਗਦੀ ਮਿਸਾਲ ਪਿੰਡ ਤੁੰਗਵਾਲੀ ਵਿਖੇ ਵੇਖਣ ਵਿੱਚ ਆਈ। ਪਿੰਡ ਦੇ ਗੁਰਦੁਆਰਾ ਅਟਾਰੀ ਸਾਹਿਬ ਦੇ ਗ੍ਰੰਥੀ ਮਹਾਂ ਸਿੰਘ ਦਾਅਵਾ ਕਰਦਾ ਹੈ ਕਿ ਇਸ ਗੁਰਦੁਆਰੇ ਦੇ ਪਿਛਲੇ ਮਹੰਤ ਨੇ ਉਨ੍ਹਾਂ ਨੂੰ ਮਹੰਤੀ ਦੀ ਪੱਗ ਦਿੱਤੀ ਸੀ, ਇਸ ਲਈ ਉਹ ਇਸ ਗੁਰਦੁਆਰੇ ਦਾ ਮਹੰਤ ਹੈ। ਪਿਛਲੇ ਕਰੀਬ ਦੋ ਕੁ ਸਾਲ ਤੋਂ ਗ੍ਰੰਥੀ ਦੀ ਤਨਖਾਹ ਅਤੇ ਦਰਸ਼ਨੀ ਭੇਟਾ ਦੇ ਰੌਲੇ ਕਾਰਨ ਇਸ ਗੁਰਦੁਆਰੇ ਦੇ ਗ੍ਰੰਥੀ ਮਹਾਂ ਸਿੰਘ ਨੇ ਗੁਰੂ ਦੀ ਗੋਲਕ ਦੇ ਬਰਾਬਰ ਆਪਣੀ ਇੱਕ ਹੋਰ ਗੋਲਕ ਰੱਖ ਦਿੱਤੀ ਸੀ। ਇਸ ਗੋਲਕ ਦਾ ਕਈ ਜਾਗਰੂਕ ਸਿੱਖਾਂ ਨੇ ਵਿਰੋਧ ਕੀਤਾ ਜਿਸ ਕਾਰਨ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਕਈ ਲੋਕ ਵੀ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਹੋਣ ਕਾਰਨ ਗੁਰੂ ਕੀ ਗੋਲਕ ਤੋਂ ਜ਼ਿਆਦਾ ਮਹੰਤ ਦੀ ਗੋਲਕ ਵਿੱਚ ਭੇਟਾ ਪਾਉਂਦੇ ਸਨ ਪਰ ਪਹਿਲਾਂ ਹੀ ਦੁਸ਼ਮਣੀ ਦੇ ਝੰਬੇ ਲੋਕ ਪਿੰਡ ਵਿੱਚ ਹੋਰ ਰੱਫੜ ਦੇ ਖਿਲਾਫ਼ ਸਨ ਤੇ ਇਹ ਮਸਲਾ ਜਲਦ ਸੁਲਝਾਉਣਾ ਚਾਹੁੰਦੇ ਸਨ। ਇਸ ਲਈ ਕੁੱਝ ਪਿੰਡ ਵਾਸੀਆਂ ਨੇ ਇਹ ਮਸਲਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪਹੁੰਚਾਇਆ। ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਭਾਈ ਜਗਤਾਰ ਸਿੰਘ ਦੀ ਅਗਵਾਈ ਹੇਠ ਪੰਜ ਪਿਆਰਿਆਂ ਦਾ ਜਥਾ ਪਿੰਡ ਪਹੁੰਚਿਆ ਤੇ ਸਭ ਧਿਰਾਂ ਨੂੰ ਵੱਖ ਵੱਖ ਕਰਕੇ ਸਭ ਦਾ ਪੱਖ ਸੁਣਿਆ। ਪੰਜ ਪਿਆਰਿਆਂ ਨੇ ਗ੍ਰੰਥੀ ਭਾਈ ਮਹਾਂ ਸਿੰਘ ਨੂੰ ਤਨਖਾਹ ਵਧਾਉਣ ਦੀ ਸ਼ਰਤ ‘ਤੇ ਆਪਣੀ ਗੋਲਕ ਚੁੱਕਣ ਲਈ ਮਨਾ ਲਿਆ। ਉੱਧਰ ਮੌਜੂਦਾ ਪ੍ਰਬੰਧਕ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਚੁਣਨ ਦਾ ਹੁਕਮ ਕੀਤਾ ਤੇ ਗ੍ਰੰਥੀ ਭਾਈ ਮਹਾਂ ਸਿੰਘ ਦੀ ਮਾਸਿਕ ਭੇਟਾ ਵਧਾ ਕੇ 10 ਹਜਾਰ ਕਰ ਦਿੱਤੀ ਜਿਸ ਉੱਪਰ ਪੂਰੇ ਪਿੰਡ ਵਾਸੀਆਂ ਨੇ ਜੈਕਾਰੇ ਗਜਾ ਕੇ ਪ੍ਰਵਾਨਗੀ ਦਿੱਤੀ। ਪੰਜ ਪਿਆਰਿਆਂ ਨੇ ਆਪਣੇ ਸਾਹਮਣੇ ਹੀ ਉਕਤ ਗ੍ਰੰਥੀ ਦੀ ਗੋਲਕ ਚੁਕਵਾ ਦਿੱਤੀ ਤੇ ਪਿੰਡ ਵਾਸੀਆਂ ਵਿੱਚ ਮੁੜ ਤੋਂ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਗਵਾਈ ਕਬੂਲਣ ਅਤੇ ਸਿਰਫ ਗੁਰੂ ਕੀ ਗੋਲਕ ਵਿੱਚ ਮਾਇਆ ਭੇਟਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਜਸਵੀਰ ਸਿੰਘ ਪ੍ਰਧਾਨ, ਹਰਪਾਲ ਸਿੰਘ ਮੀਤ ਪ੍ਰਧਾਨ, ਮੋਹਣ ਸਿੰਘ ਖਾਲਸਾ, ਦਰਬਾਰਾ ਸਿੰਘ ਖਾਲਸਾ, ਭੋਲਾ ਸਿੰਘ ਖਾਲਸਾ, ਕੌਰ ਸਿੰਘ ਖਾਲਸਾ, ਬਲਵਿੰਦਰ ਸਿੰਘ ਮਾਹਲ, ਜਗਰੂਪ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਪੰਚ, ਗੁਰਬਿੰਦਰ ਸਿੰਘ ਪ੍ਰਧਾਨ ਸੰਤ ਹਜਾਰਾ ਸਿੰਘ ਕਲੱਬ, ਸੁਰਿੰਦਰਪਾਲ ਸਿੰਘ ਮਾਹਲ ਸਮੇਤ ਪੁਰਾਣੀ ਕਮੇਟੀ ਅਹੁਦੇਦਾਰ ਤੇ ਮੈਂਬਰ ਅਤੇ ਪਿੰਡ ਵਾਸੀ ਹਾਜਰ ਸਨ।
Indian News ਗੁਰੂ ਕੀ ਗੋਲਕ ਦੇ ਬਰਾਬਰ ਆਪੂੰ ਬਣੇ ਮਹੰਤ ਦੀ ਰੱਖੀ ਗੋਲਕ ਨੇ...