ਪ੍ਰਦਰਸ਼ਨੀ ਵੱਖ ਵੱਖ ਧਰਮਾਂ ਦੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ – ਪਰਮਜੀਤ ਸਿੰਘ ਸਰੋਆ
ਨਿਊ ਕਾਸਲ, ਡੈਲਾਵੇਅਰ, 16 ਅਕਤੂਬਰ (ਹੁਸਨ ਲੜੋਆ ਬੰਗਾ) – ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ ਸਿੱਖਿਆਵਾਂ, ਵਿਚਾਰਧਾਰਾ ਅਤੇ ਫਿਲਾਸਫੀ ਨੂੰ ਤਸਵੀਰਾਂ ਦੇ ਰੂਪ ‘ਚ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਲਈ ਡੈਲਾਵੇਅਰ ਸਿੱਖ ਅਵੇਰਨੈਸ ਕੋਲੀਸ਼ਨ ਦੇ ਵੱਲੋਂ ਲਗਾਈ ਗਈ ਤਸਵੀਰਾਂ ਦੀ ਪ੍ਰਦਰਸ਼ਨੀ ਵੱਖ ਵੱਖ ਧਰਮਾਂ ਦੇ ਲੋਕਾ ਦੇ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਨੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਹੋਇਆ ਕੀਤਾ। ਸਿੱਖ ਅਵੇਰਨੈਸ ਕੋਲੀਸ਼ਨ ਵੱਲੋਂ ਅਮਰੀਕਾ ਦੀ ਡੈਲਵੇਅਰ ਸਟੇਟ ਦੀ ਨਿਊ ਕਾਸਲ ਦੀ ਸਟੇਟ ਲਾਬਿਰੇਰੀ ਵਿੱਚ ਸ. ਚਰਨਜੀਤ ਸਿੰਘ ਮਿਨਹਾਸ, ਆਰਟਿਸਟ ਸਵਰਨਜੀਤ ਸਿੰਘ ਸਵੀ ਅਤੇ ਸ. ਪਰਮਜੀਤ ਸਿੰਘ ਸਰੋਆ ਦੇ ਸਾਂਝੇ ਉਦਮਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਈ ਗਈ ਯਾਦਗਾਰੀ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਰਸਮੀ ਉਦਾਘਟਨ ਡੈਲਾਵੇਅਰ ਸਟੇਟ ਦੇ ਨਿਊ ਕਾਸਲ ਕਾਊਂਟੀ ਦੇ ਮੇਅਰ ਮੈਥਉ ਨੇ ਕੀਤਾ। ਇਸ ਸਮੇਂ ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਉਦਾਘਟਨੀ ਸਮਾਗਮ ਦੌਰਾਨ ਇੱਕਤਰ ਹੋਈਆ ਪ੍ਰਮੁੱਖ ਸ਼ਖਸੀਅਤਾਂ ਨੂੰ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਮੁੱਚੇ ਵਿਸ਼ਵ ਭਾਈਚਾਰੇ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਉੱਥੇ ਨਾਲ ਹੀ ਸਮਾਨਤਾ ਤੇ ਸਮਾਜਿਕ ਚੇਤਨਾ ਦੀ ਗੱਲ ਕੀਤੀ। ਸ੍ਰੀ ਮੈਥਉ ਨੇ ਡੈਲਾਵੇਅਰ ਸਿੱਖ ਅਵੇਰਨੈਸ ਕੋਲੀਸ਼ਨ ਗੁਰੂ ਸਾਹਿਬਾਂ ਦੇ ਜੀਵਨ, ਸਿੱਖਿਆਵਾਂ ਤੇ ਫਲਾਸਫੇ ‘ਤੇ ਅਧਾਰਿਤ ਲਗਾਈ ਗਈ ਤਸਵੀਰਾਂ ਦੀ ਪ੍ਰਦਰਸ਼ਨੀ ਨੂੰ ਇੱਕ ਚਾਨਣ ਮੁਨਾਰਾ ਕਰਾਰ ਦਿੰਦਿਆਂ ਹੋਇਆ ਕਿਹਾ ਕਿ ਗੁਰੂ ਸਾਹਿਬ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਸਾਨੂੰ ਆਪਣੇ ਜੀਵਨ ਨੂੰ ਰੁਸ਼ਨਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਦਾ ਅਹਿਦ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਟੋਮ ਡੇਵਿਸ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆ ਕਿਹਾ ਕਿ ਗੁਰੂ ਨਾਨਕ ਸਾਹਿਬ ਦੀਆ ਸਿੱਖਿਆਵਾਂ ਪਰੈਸਬੀਟੇਰੀਅਨ ਚਰਚ ਵਿੱਚ ਕਾਫੀ ਆਪਸੀ ਸਮਾਨਤਾਵਾਂ ਹਨ। ਜੋ ਸਾਨੂੰ ਆਪਸ ਵਿੱਚ ਜੁੜਨ ਦਾ ਸੰਦੇਸ਼ ਦਿੰਦਿਆਂ ਹਨ। ਇਸਲਾਮਿਕ ਸੁਸਾਇਟੀ ਦੇ ਇਰਫਾਨ ਪਟੇਲ ਨੇ ਕਿਹਾ ਕਿ ਅੱਜ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਡੈਲਾਵੇਅਰ ਸਟੇਟ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਖ਼ੂਬਸੂਰਤੀ ਦਾ ਆਨੰਦ ਮਾਣਨ ਵਿੱਚ ਫਖ਼ਰ ਮਹਿਸੂਸ ਕਰ ਰਿਹਾ ਹੈ। ਸਮਾਗਮ ਦੌਰਾਨ ਸੈਨੇਟਰ ਬਿਰਆਨ ਟਾਉਨਸੈਡ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਸਿੱਜਦਾ ਭੇਟ ਕਰਦਿਆ ਹੋਇਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਮੁੱਚੇ ਵਿਸ਼ਵ ਅੰਦਰ ਵੱਧ ਤੋਂ ਵੱਧ ਪ੍ਰਚਾਰ ਕਰਨ ਦੀ ਸਮੇਂ ਦੀ ਲੋੜ ਹੈ ਤਾਂ ਕਿ ਸਮੁੱਚੇ ਵਿਸ਼ਵ ਦੇ ਭਾਈਚਾਰੇ ਅੰਦਰ ਅਮਨ, ਸ਼ਾਂਤੀ ਦਾ ਮਾਹੌਲ ਪੈਦਾ ਹੋ ਸਕੇ। ਇਸ ਦੌਰਾਨ ਡੈਲਾਵੇਅਰ ਸਿੱਖ ਅਵੇਰਨੈਸ ਸਿੱਖ ਕੋਲੀਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਮਿਨਹਾਸ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੌਰਾਨ ਸਮੁੱਚੀ ਲੋਕਾਈ ਨੂੰ ਤਾਰਨ ਦੇ ਲਈ ਸਰਬ ਸਾਂਝੀਵਾਲਤਾ ਵਾਲੀ ਵਿਚਾਰਧਾਰਾ ਨੂੰ ਲੋਕ ਭਾਸ਼ਾ ਦੇ ਰੂਪ ਵਜੋਂ ਚੁਣਿਆ। ਸ. ਮਿਨਹਾਸ ਨੇ ਅਮਰੀਕਾ ਵਿੱਚ ਵੱਸਦੇ ਸਮੂਹ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 12 ਨਵੰਬਰ ਤੱਕ ਚੱਲਣ ਵਾਲੀ ਉਕਤ ਪ੍ਰਦਰਸ਼ਨੀ ਨੂੰ ਦੇਖਣ ਦੇ ਲਈ ਵੱਧ ਤੋਂ ਵੱਧ ਪੁੱਜਣ।
Home Page ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿੱਖਿਆਵਾਂ ਤੇ ਫਲਸਫੇ ਨਾਲ ਸਬੰਧਤ ਅਮਰੀਕਾ...