ਬਾਲਾ ਸਾਹਿਬ ਹਸਪਤਾਲ ਛੇਤੀ ਚਾਲੂ ਹੋਣ ਦਾ ਵੀ ਕਮੇਟੀ ਨੇ ਕੀਤਾ ਦਾਅਵਾ
ਨਵੀਂ ਦਿੱਲੀ (8 ਅਗਸਤ) – ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਿੱਲੀ ਦੇ ਸਮੂਹ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਖੇ ਮਨਾਇਆ ਗਿਆ। ਮੁੱਖ ਸਮਾਗਮ ਭਾਈ ਲੱਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕਮੇਟੀ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਹਾਜ਼ਰੀ ਭਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਵੱਲੋਂ ਸੰਗਤਾਂ ਨੂੰ ਵਿੱਦਿਅਕ, ਸਮਾਜਿਕ, ਸਿਹਤ ਅਤੇ ਧਾਰਮਿਕ ਖੇਤਰ ਵਿੱਚ ਸਹੂਲਤਾਂ ਦੇਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਬਾਲਾ ਸਾਹਿਬ ਹਸਪਤਾਲ ਦੇ ਕਮੇਟੀ ਵੱਲੋਂ ਛੇਤੀ ਚਾਲੂ ਹੋਣ ਦੀ ਆਸ ਜਿਤਾਈ।
ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦੇਣ ਦੌਰਾਨ ਜੀ. ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤਾਂ ਦੀਆਂ ਸਹੂਲਤਾਂ ਵਿੱਚ ਕੀਤੇ ਗਏ ਵਾਧੇ ਦੀ ਜਾਣਕਾਰੀ ਦਿੰਦੇ ਹੋਏ ਸਮੂਹ ਸੰਗਤਾਂ ਨੂੰ ਗੁਰੂ ਘਰ ਆਉਣ ਵੇਲੇ ਸਫ਼ਾਈ ਦਾ ਖ਼ਾਸ ਧਿਆਨ ਰੱਖਣ ਦੀ ਵੀ ਅਪੀਲ ਕੀਤੀ। ਬਜ਼ੁਰਗਾਂ ਵਾਸਤੇ ਬੈਟਰੀ ਕਾਰ ਅਤੇ ਐਲੀਵੇਟਰ ਸੇਵਾ ਦੀਵਾਨ ਹਾਲ ਤੱਕ ਸ਼ੁਰੂ ਕਰਨ ਅਤੇ ਸਰੋਵਰ.. ਦੀ ਪਰਿਕਰਮਾ ਦੀ ਪਉੜੀਆਂ ਦਾ ਵਿਸਥਾਰ ਕਰਨ ਨਾਲ ਦੀਵਾਨ ਹਾਲ ਅਤੇ ਸਰੋਵਰ ਵਿਚਕਾਰ ਦੀ ਦੂਰੀ ਘਟਨ ਤੇ ਦਿੱਖ ਸੁੰਦਰ ਦਿੱਖਣ ਦਾ ਵੀ ਜੀ. ਕੇ. ਨੇ ਦਾਅਵਾ ਕੀਤਾ। ਸੰਗਤਾਂ ਨੂੰ ਜੀ. ਕੇ. ਨੇ ਬਾਬਾ ਬਘੇਲ ਸਿੰਘ ਸਿੱਖ ਵਿਰਾਸਤੀ ਅਜਾਇਬ ਘਰ ਵਿੱਚ ਰੋਜ਼ਾਨਾ 800 ਤੋਂ 1000 ਸੰਗਤਾਂ ਦੇ ਆਉਣ ਦੇ ਆਂਕੜੇ ਨਾਲ ਵੀ ਜਾਣੂੰ ਕਰਵਾਇਆ। ਗੁਰਬਾਣੀ ਸ਼ੁੱਧ ਉਚਾਰਨ ਕਰਨ ਲਈ ਸੰਗਤਾਂ ਨੂੰ ਪਰਪੱਕ ਕਰਨ ਵਾਸਤੇ ਦਮਦਮੀ ਟਕਸਾਲ ਦੇ ਸਹਿਯੋਗ ਨਾਲ ਪਾਠ ਬੋਧ ਸਮਾਗਮ ਛੇਤੀ ਸ਼ੁਰੂ ਕਰਨ ਦਾ ਵੀ ਜੀ. ਕੇ. ਨੇ ਐਲਾਨ ਕੀਤਾ। ਕਮੇਟੀ ਵੱਲੋਂ ਸਰਕਾਰੀ ਫ਼ੀਸ ਮਾਫ਼ੀ ਸਕੀਮਾਂ ਦਾ ਫ਼ਾਇਦਾ ਸਿੱਧਾ ਘੱਟ ਗਿਣਤੀ ਕੌਮਾਂ ਦੇ ਬੱਚਿਆਂ ਤੱਕ ਪਹੁੰਚਾਉਣ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਨਵੇਂ ਮੁਕਾਮ ਨੂੰ ਹਾਸਲ ਕਰਨ ਦੀ ਵੀ ਜੀ. ਕੇ. ਨੇ ਜਾਣਕਾਰੀ ਦਿੱਤੀ।
ਕਮੇਟੀ ਦੇ ਜਨਰਲ ਸਕੱਤਰ ਸਿਰਸਾ ਨੇ ਇਸ ਮੌਕੇ ਬਾਲਾ ਸਾਹਿਬ ਹਸਪਤਾਲ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੇ ਆਏ ਫ਼ੈਸਲੇ ਦਾ ਹਵਾਲਾ ਸੰਗਤਾਂ ਨੂੰ ਦਿੰਦੇ ਹੋਏ ਉਕਤ ਹਸਪਤਾਲ ਨੂੰ ਕਮੇਟੀ ਵੱਲੋਂ ਛੇਤੀ ਹੀ ਆਪਣੇ ਹੱਥ ਵਿੱਚ ਲੈ ਕੇ ਸ਼ੁਰੂ ਕਰਨ ਦਾ ਵੀ ਇਸ਼ਾਰਾ ਕੀਤਾ। ਪੁਰਾਣੇ ਪ੍ਰਬੰਧਕਾਂ ਵੱਲੋਂ ਬੀ. ਐਲ. ਕਪੂਰ ਨੂੰ ਹਸਪਤਾਲ ਦੇਣ ਦੇ ਕੀਤੇ ਗਏ ਕਰਾਰ ਦੌਰਾਨ ਟਰੱਸਟ ਨੂੰ ਪ੍ਰਾਪਤ ਹੋਏ 12 ਕਰੋੜ 75 ਲੱਖ ਦੀ ਰਾਸ਼ੀ ਵਿੱਚੋਂ ਅਦਾਲਤ ਵਿੱਚ ਜਮ੍ਹਾ ਲਗਭਗ 6 ਕਰੋੜ ਦੀ ਰਕਮ ਬੀ.ਐਲ. ਕਪੂਰ ਨੂੰ ਦੇਣ ਵਿੱਚ ਕਮੇਟੀ ਨੂੰ ਕੋਈ ਇਤਰਾਜ਼ ਨਾ ਹੋਣ ਦਾ ਵੀ ਸਿਰਸਾ ਨੇ ਦਾਅਵਾ ਕੀਤਾ। ਸਿਰਸਾ ਨੇ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿੱਚ ਹੈੱਡ ਗ੍ਰੰਥੀ ਸਾਹਿਬਾਨ ਨੂੰ ਦੀਵਾਨ ਸਮਾਪਤੀ ਮੌਕੇ ਕਾਨੂੰਨੀ ਪਚੜੇ ‘ਚ ਫਸੇ ਹਸਪਤਾਲ ਦੇ ਮੁੜ ਚਾਲੂ ਹੋਣ ਦਾ ਰਸਤਾ ਸਾਫ਼ ਹੋਣ ਦੀ ਅਰਦਾਸ ਕਰਨ ਦੀ ਵੀ ਹਦਾਇਤ ਦਿੱਤੀ। ਬੀਤੇ ਦਿਨੀਂ ਦਿੱਲੀ ਹਾਈਕੋਰਟ ਵੱਲੋਂ ਕਮੇਟੀ ਦੇ 3 ਕਾਲਜਾਂ ਦਾ ਘੱਟ ਗਿਣਤੀ ਦਰਜਾ ਬਹਾਲ ਹੋਣ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦੇ ਹੋਏ ਸਿਰਸਾ ਨੇ ਅਗਲੇ ਵਿੱਦਿਅਕ ਵਰ੍ਹੇ ਤੋਂ ਕਮੇਟੀ ਦੇ ਕਾਲਜਾਂ ਵਿੱਚ 50 ਫੀਸਦੀ ਸੀਟਾਂ ਸਿੱਖਾਂ ਵਾਸਤੇ ਸੁਰੱਖਿਅਤ ਰੱਖਣ ਦਾ ਵੀ ਐਲਾਨ ਕੀਤਾ। ਪੁਰਾਣੇ ਪ੍ਰਬੰਧਕਾਂ ਵੱਲੋਂ ਸਕੂਲ ਸਟਾਫ਼ ਨੂੰ ਛੇਵੇਂ ਪੇਅ ਕਮਿਸ਼ਨ ਦੇ ਹਿਸਾਬ ਨਾਲ ਤਨਖ਼ਾਹਾਂ ਦੇਣ ‘ਚ ਵਰਤੀ ਗਈ ਢਿੱਲ ਨੂੰ ਮੁੱਦਾ ਬਣਾਉਂਦੇ ਹੋਏ ਮੌਜੂਦਾ ਕਮੇਟੀ ਵੱਲੋਂ ਸਕੂਲਾਂ ਦੀਆਂ ਐਫ. ਡੀਆਂ ਤੁੜਵਾ ਕੇ ਸਟਾਫ਼ ਦੇ ਬਣਦੇ ਹੱਕ ਨੂੰ ਦੇਣ ਵਾਸਤੇ ਕੀਤੀ ਜਾ ਚਾਰਾਜੋਈ ਦਾ ਵੀ ਸਿਰਸਾ ਨੇ ਜ਼ਿਕਰ ਕੀਤਾ।
ਇਸ ਮੌਕੇ ਸ਼੍ਰੋਮਣੀ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਅਰਥਚਾਰੇ ਵਿਸ਼ੇ ‘ਚ ਆਕਸਫੋਰਡ ਯੂਨੀਵਰਸਿਟੀ ਤੋਂ ਵਜ਼ੀਫ਼ਾ ਪ੍ਰਾਪਤ ਕਰਨ ਵਾਲੀ ਅੰਮ੍ਰਿਤਧਾਰੀ ਸਿੱਖ ਬੀਬਾ ਜਲਨਿੱਧ ਕੌਰ ਅਤੇ ਕਮੇਟੀ ਦੇ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਅੱਵਲ ਨੰਬਰ ਲੈਣ ਵਾਲੇ ਬੱਚਿਆਂ ਦਾ ਕਮੇਟੀ ਪ੍ਰਬੰਧਕਾਂ ਅਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੇ ਨਾਨਕਸ਼ਾਹੀ ਕੈਲੰਡਰ ‘ਤੇ ਕਿੰਤੂ ਕਰਨ ਵਾਲਿਆਂ ਨੂੰ ਪੰਥ ਨੂੰ ਦੋਫਾੜ ਕਰਨ ਦੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਸਹਿ ‘ਤੇ ਕਾਰਜ ਕਰਨ ਵਾਲੇ ਪਾਕਿਸਤਾਨ ਦੇ ਏਜੰਟ ਵੀ ਗਰਦਾਨਿਆਂ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਹਰਦੇਵ ਸਿੰਘ ਧਨੋਆ, ਕੁਲਵੰਤ ਸਿੰਘ ਬਾਠ, ਇੰਦਰਜੀਤ ਸਿੰਘ ਮੋਂਟੀ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਜਸਬੀਰ ਸਿੰਘ ਜੱਸੀ, ਰਵੇਲ ਸਿੰਘ, ਅਮਰਜੀਤ ਸਿੰਘ ਪਿੰਕੀ, ਮਨਮੋਹਨ ਸਿੰਘ, ਬੀਬੀ ਧੀਰਜ ਕੌਰ, ਗੁਰਲਾਡ ਸਿੰਘ ਅਤੇ ਚਮਨ ਸਿੰਘ ਸਾਹਿਬਪੁਰਾ ਮੌਜੂਦ ਸਨ।
Indian News ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਵੱਲੋਂ ਕਰਵਾਏ ਗਏ...