ਪਟਿਆਲਾ, 9 ਜੁਲਾਈ – ਗੋਡਿਆਂ ਨੂੰ ਬਦਲਣਾ ਜ਼ਰੂਰੀ ਨਹੀਂ, ਸਗੋਂ ਕੋਸ਼ਿਸ਼ ਇਹ ਰੱਖਣੀ ਚਾਹੀਦੀ ਹੈ ਕਿ ਗੋਡਿਆਂ ਨੂੰ ਬਦਲਣ ਤੋਂ ਰੋਕਣ ਲਈ ਕਿਹੜੇ ਉਪਾਅ ਕੀਤੇ ਜਾਣ। ਉਪਾਅ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਜਤਿੰਦਰ ਸਿੰਗਲਾ ਸੀਨੀਅਰ ਹੱਡੀਆਂ ਦੇ ਮਾਹਿਰ ਮਿਓ ਹਸਪਤਾਲ ਮੋਹਾਲੀ ਨੇ ਅਰਬਨ ਅਸਟੇਟ ਪਟਿਆਲਾ ਵਿਖੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਡਾ. ਜਤਿੰਦਰ ਸਿੰਗਲਾ ਨੇ ਅੱਗੋਂ ਦੱਸਿਆ ਕਿ ਆਮ ਤੌਰ ‘ਤੇ ਪੂਰੇ ਗੋਡੇ ਖ਼ਰਾਬ ਨਹੀਂ ਹੁੰਦੇ, ਅੱਧ ਪਚੱਧੇ ਘਸ ਜਾਂਦੇ ਹਨ, ਉਨ੍ਹਾਂ ਦੀ ਮੁਰੰਮਤ ਲਈ ਨਵੀਂ ਟੈਕਨਾਲੋਜੀ ਆਈ ਹੈ ਜੋ ਬਹੁਤ ਹੀ ਸੌਖੀ ਅਤੇ ਅਰਾਮਦਾਇਕ ਹੁੰਦੀ ਹੈ। ਮਰੀਜ ਨੂੰ ਬਹੁਤੀ ਤਕਲੀਫ਼ ਨਹੀਂ ਹੁੰਦੀ। ਇਸ ਲਈ ਉਸ ਨਵੀਂ ਟੈਕਨਾਲੋਜੀ ਨਾਲ ਹੀ ਇਲਾਜ ਕਰਵਾਉਣਾ ਚਾਹੀਦਾ ਹੈ। ਅਜੇ ਇਹ ਟੈਕਨਾਲੋਜੀ ਦੇ ਮਾਹਿਰ ਡਾਕਟਰ ਥੋੜ੍ਹੇ ਹਨ ਪ੍ਰੰਤੂ ਜਲਦੀ ਹੀ ਇਹ ਹਰਮਨ ਪਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੋਡਿਆਂ ਦੀ ਅੱਧੀ ਮੁਰੰਮਤ ਨਾਲ ਸਰ ਸਕਦਾ ਹੈ ਤਾਂ ਪੂਰਾ ਗੋਡਾ ਨਹੀਂ ਬਦਲਾਉਣਾ ਚਾਹੀਦਾ। ਉਨ੍ਹਾਂ ਮਰੀਜਾਂ ਨੂੰ ਸਲਾਹ ਦਿੱਤੀ ਕਿ ਗੋਡਿਆਂ ਦੀ ਸਰਜਰੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਵਾਈਆਂ ਡਾਕਟਰਾਂ ਦੀ ਸਲਾਹ ਤੋਂ ਬਿਨਾ ਲਗਾਤਾਰ ਆਪਣੇ ਆਪ ਨਹੀਂ ਖਾਣੀਆਂ ਚਾਹੀਦੀਆਂ। ਕਈ ਵਾਰ ਲਗਾਤਾਰ ਦਵਾਈਆਂ ਖਾਣ ਨਾਲ ਸਾਈਡ ਅਫੈਕਟ ਹੋ ਜਾਂਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਕੁਰਸੀ ਉਪਰ ਬੈਠਕੇ ਲਗਾਤਾਰ 15-20 ਵਾਰ ਉਪਰ ਨੀਚੇ ਲੱਤ ਕਰਕੇ ਪ੍ਰੈਕਟਿਸ ਕਰਨੀ ਚਾਹੀਦੀ ਹੈ।
ਇਸ ਮੌਕੇ ‘ਤੇ ਸੀਨੀਅਰ ਸਿਟੀਜ਼ਨਜ਼ ਨੇ ਡਾ. ਜਤਿੰਦਰ ਸਿੰਗਲਾ ਤੋਂ ਆਪੋ ਆਪਣੀਆਂ ਤਕਲੀਫ਼ਾਂ ਦੇ ਇਲਾਜ ਸੰਬੰਧੀ ਰਾਇ ਵੀ ਲਈ। ਜਿਹੜੇ ਸੀਨੀਅਰ ਸਿਟੀਜ਼ਨਜ ਦੇ ਜੂਨ ਮਹੀਨੇ ਵਿੱਚ ਜਨਮ ਦਿਨ ਸਨ ਉਨ੍ਹਾਂ ਨੂੰ ਤੋਹਫ਼ੇ ਦੇ ਕੇ ਸਨਮਾਨਤ ਕੀਤਾ ਗਿਆ। ਰਣਜੀਤ ਸਿੰਘ ਭਿੰਡਰ ਪ੍ਰਧਾਨ ਸੀਨਅਰ ਸਿਟੀਜਨਜ਼ ਵੈਲਫ਼ੇਅਰ ਸੋਸਾਇਟੀ ਨੇ ਡਾ.ਜਤਿੰਦਰ ਸਿੰਗਲਾ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਦੱਸਿਆ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਹਰ ਮਹੀਨੇ ਮੀਟਿੰਗ ਵਿੱਚ ਅਜਿਹੇ ਭਾਸ਼ਣ ਕਰਵਾਏ ਜਾਣ। ਸ. ਅਜੀਤ ਸਿੰਘ ਬੂਰਾ ਸਭ ਤੋਂ ਵਡੇਰੀ ਉਮਰ ਦੇ ਸੀਨੀਅਰ ਸਿਟੀਜਨ ਨੇ ਆਪਣੇ ਤਜਰਬਿਆਂ ਤੋਂ ਮੈਂਬਰਾਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ‘ਤੇ ਸੋਸਾਇਟੀ ਦੀ ਕਾਰਜਕਾਰਨੀ ਨੇ ਡਾ. ਜਤਿੰਦਰ ਸਿੰਗਲਾ ਨੂੰ ਸਨਮਾਨਤ ਕੀਤਾ।
Indian News ਗੋਡਿਆਂ ਨੂੰ ਬਦਲਣਾ ਜ਼ਰੂਰੀ ਨਹੀਂ, ਸਗੋਂ ਬਦਲਣ ਤੋਂ ਰੋਕਣ ਲਈ ਉਪਾਅ ਕੀਤੇ...