ਜਲੰਧਰ, 23 ਜਨਵਰੀ (ਅਮੋਲਕ ਸਿੰਘ) – ਗ਼ਦਰ ਲਹਿਰ ਦੀ ਅਗਲੀ ਕੜੀ ਕਿਰਤੀ ਲਹਿਰ ਤੋਂ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਤੱਕ ਇੱਕ ਸਦੀ ਲੰਮਾ ਸ਼ਾਨਦਾਰ ਦੇਸ਼ ਭਗਤ ਇਨਕਲਾਬੀ ਲਹਿਰ ਅਤੇ ਲੋਕ-ਪੱਖੀ ਸਮਾਜ ਦੀ ਸਿਰਜਣਾ ਨੂੰ ਸਮਰਪਿਤ ਸਫ਼ਰ ਤੈਅ ਕਰਨ ਵਾਲੇ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੰਧਰਵ ਸੈਨ ਕੋਛੜ ਦੇ ਅੱਜ 105ਵੇਂ ਜਨਮ ਦਿਹਾੜੇ ‘ਤੇ ਸਮਾਜ ਦੇ ਮਹੱਤਵਪੂਰਣ ਸੁਆਲਾਂ ਉੱਪਰ ਗੰਭੀਰ ਵਿਚਾਰ-ਚਰਚਾ ਹੋਈ।
ਗੰਧਰਵ ਸੈਨ ਕੋਛੜ ਦੀ ਧੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਅਮੋਲਕ ਸਿੰਘ, ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਹਰਮੇਸ਼ ਮਾਲੜੀ ਨੇ ਗੰਧਰਵ ਸੈਨ ਕੋਛੜ ਦੀ ਤਸਵੀਰ ਅੱਗੇ ਸ਼ਮ੍ਹਾ ਰੌਸ਼ਨ ਕਰਦਿਆਂ ਸਮਾਜ ਅੰਦਰ ਗੂੜ੍ਹੇ ਫੈਲੇ ਹਰ ਤਰਾਂ ਦੇ ਹਨੇਰ ਨੂੰ ਦੂਰ ਕਰਨ ਲਈ ਸੂਝ-ਬੂਝ ਭਰੀ ਵਿਗਿਆਨਕ ਚੇਤਨਾ ਦਾ ਚਾਨਣ ਕਰਨ ਲਈ ਹਰ ਸੰਭਵ ਉੱਦਮ ਜੁਟਾਉਣ ਦਾ ਅਹਿਦ ਲਿਆ।
ਜ਼ਿਕਰਯੋਗ ਹੈ ਕਿ ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੀ ‘ਭਾਈ ਸੰਤੋਖ ਸਿੰਘ ਕਿਰਤੀ ਲਾਇਬ੍ਰੇਰੀ’ ਨਾਲ ਜੁੜੇ ਵਿਦਿਆਰਥੀਆਂ ਨੇ ਵਿਸ਼ੇਸ਼ ਦਿਲਚਸਪੀ ਲੈਂਦਿਆਂ ਵਿਚਾਰ-ਚਰਚਾ ‘ਚ ਸ਼ਿਰਕਤ ਕੀਤੀ।
ਵਿਚਾਰ-ਚਰਚਾ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਕਮੇਟੀ ਮੈਂਬਰ ਅਮੋਲਕ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਜੁਆਨੀ ਨੂੰ ਆਪਣੀ ਇਤਿਹਾਸਕ ਵਿਰਾਸਤ ਤੋਂ ਰੌਸ਼ਨੀ ਲੈਂਦਿਆਂ, ਸਮੇਂ ਦੇ ਹਾਣੀ ਅਤੇ ਚੰਗੇਰੇ ਭਵਿੱਖ ਦੇ ਸਿਰਜਕ ਬਣਨ ਲਈ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਸਮਾਜੀ ਗਿਆਨ ਗ੍ਰਹਿਣ ਕਰਦਿਆਂ ਖ਼ੂਬਸੂਰਤ ਸਮਾਜ ਬਾਰੇ ਚਿੰਤਨਸ਼ੀਲ ਅਤੇ ਸੰਘਰਸ਼ਸ਼ੀਲ ਬਣਨ ਦੀ ਲੋੜ ਹੈ।
ਕਮੇਟੀ ਦੀ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਆਪਣੇ ਪਿਤਾ ਦੀ ਸੰਗਰਾਮੀ ਜੀਵਨ-ਗਾਥਾ ਸਾਂਝੀ ਕਰਦਿਆਂ ਹਾਜ਼ਰੀਨ ਨੂੰ ਯਕੀਨ ਦੁਆਇਆ ਕਿ ਉਹ ਤਨ, ਮਨ ਅਤੇ ਧਨ ਨਾਲ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਥਾਪਤ ਮਾਣਮੱਤੀਆਂ ਰਵਾਇਤਾਂ ਨੂੰ ਆਖ਼ਰੀ ਦਮ ਤੱਕ ਬੁਲੰਦ ਰੱਖਣਗੇ।
ਇਸ ਮੌਕੇ ਸੁਰਿੰਦਰ ਕੁਮਾਰੀ ਕੋਛੜ ਦੇ ਪਰਿਵਾਰ, ਸਾਕ-ਸੰਬੰਧੀਆਂ ਤੇ ਦੋਸਤਾਂ-ਮਿੱਤਰਾਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਦੇ ਮੈਂਬਰਾਂ ਅਤੇ ਹਾਲ ਨਾਲ ਜੁੜੇ ਹੋਏ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਦੇ ਵਧਾਈ ਸੰਦੇਸ਼ ਪ੍ਰਾਪਤ ਹੋਏ।
Home Page ਗੰਧਰਵ ਸੈਨ ਕੋਛੜ ਦੇ 105ਵੇਂ ਜਨਮ ਦਿਹਾੜੇ ਸਮਾਗਮ ‘ਤੇ ਇਤਿਹਾਸ ਅਤੇ ਅਜੋਕੇ...