ਅੰਮ੍ਰਿਤਸਰ, 7 ਜੂਨ – ਇੱਥੇ 6 ਜੂਨ ਨੂੰ 1984 ਦੇ ਸ਼ਹੀਦਾਂ ਦੀ ਯਾਦ ਅਤੇ ਸਾਕਾ ਨੀਲਾ ਤਾਰਾ ਦੀ 34ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਬਾਅਦ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆਦਿ ਨੇ ਵੱਖ ਵੱਖ ਸ਼ਹੀਦ ਪਰਿਵਾਰਾਂ ਦੇ ਰਿਸ਼ਤੇਦਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਤੇ ਸੰਗਤਾਂ ਪੁੱਜੀਆਂ ਹੋਈਆਂ ਸਨ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਖਾਲਿਸਤਾਨੀ ਸਮਰਥਕਾਂ ਨੇ ਖ਼ੂਬ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਫ਼ੌਜੀ ਹਮਲੇ ਨਾਲ ਸਬੰਧਿਤ ਸਰਕਾਰੀ ਦਸਤਾਵੇਜ਼ਾਂ ਨੂੰ ਜਨਤਕ ਕਰੇ ਤਾਂ ਜੋ ਹਮਲੇ ਨੂੰ ਕਰਨ ਤੇ ਕਰਾਉਣ ਵਾਲਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਆਖਿਆ ਕਿ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਇੰਕਸ਼ਾਫ਼ ਕਰ ਚੁੱਕੇ ਹਨ ਕਿ ਸਿੱਖ ਰੈਂਫਰੈਂਸ ਲਾਇਬਰੇਰੀ ਦਾ ਅਮੁੱਲਾ ਖ਼ਜ਼ਾਨਾ ਭਾਰਤ ਸਰਕਾਰ ਕੋਲ ਹੈ, ਇਸ ਨੂੰ ਸਿੱਖ ਕੌਮ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਵਾਲਵਰ ਅਤੇ ਤੀਰ ਵੀ ਸਿੱਖ ਕੌਮ ਨੂੰ ਵਾਪਸ ਕੀਤਾ ਜਾਵੇ। ਉਨ੍ਹਾਂ ਸਿੱਖ ਕੌਮ ਨੂੰ ਇੱਕ ਪਿੰਡ ਇੱਕ ਗੁਰਦੁਆਰਾ ਮੁਹਿੰਮ ਨੂੰ ਸਹਿਯੋਗ ਦੇਣ, ਬਰਗਾੜੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ, ਭਰੂਣ ਹੱਤਿਆਵਾਂ, ਨਸ਼ਿਆਂ ਤੇ ਪਤਿਤਪੁਣੇ ਨੂੰ ਰੋਕਣ ਲਈ ਵੀ ਆਖਿਆ ।ਜਿਵੇਂ ਹੀ ਉਨ੍ਹਾਂ ਸੰਦੇਸ਼ ਪੜ੍ਹਨਾ ਸ਼ੁਰੂ ਕੀਤਾ, ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੈਠੇ ਗਰਮ ਖਿਆਲੀਆਂ ਨੇ ਜਥੇਦਾਰ ਦਾ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ ਗਈ ਅਤੇ ਹਵਾ ‘ਚ ਖਾਲਿਸਤਾਨੀ ਝੰਡਾ ਵੀ ਲਹਿਰਾਇਆ ਗਿਆ। ਉਨ੍ਹਾਂ ਦੀ ਨਾਅਰੇਬਾਜ਼ੀ ਉਸ ਵੇਲੇ ਤੱਕ ਜਾਰੀ ਰਹੀ ਜਦੋਂ ਤੱਕ ਸੰਦੇਸ਼ ਖ਼ਤਮ ਨਹੀਂ ਹੋ ਗਿਆ।
ਇਸ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਭਾਸ਼ਣ ਦੇਣ ਦਾ ਯਤਨ ਕੀਤਾ ਤਾਂ ਉਨ੍ਹਾਂ ਦੇ ਸਮਰਥਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਾਂ ਬਣੇ ਥੜ੍ਹੇ ‘ਤੇ ਚੜ ਗਏ ਜਿਨ੍ਹਾਂ ਨੂੰ ਟਾਸਕ ਫੋਰਸ ਅਤੇ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਹਟਾਉਣ ਦਾ ਯਤਨ ਵੀ ਕੀਤਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਕੁੱਝ ਨੌਜਵਾਨਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ।
ਸਮਾਗਮ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਦੇ ਹਰਪਾਲ ਸਿੰਘ ਚੀਮਾ, ਸਤਨਾਮ ਸਿੰਘ ਪਾਉਂਟਾ ਸਾਹਿਬ, ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਪਰਮਜੀਤ ਸਿੰਘ, ਨਿਹੰਗ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਰਨੈਲ ਸਿੰਘ ਸਖੀਰਾ, ਡਾ. ਬਰਜਿੰਦਰ ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਮੈਂਬਰ, ਅਧਿਕਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ।
Home Page ਘੱਲੂਘਾਰਾ ਦਿਵਸ ਦੀ 34ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ...