ਚਾਰਾ ਘੁਟਾਲਾ ਮਾਮਲਾ: ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ 5 ਸਾਲ ਦੀ ਸਜ਼ਾ

ਰਾਂਚੀ, 21 ਫਰਵਰੀ – ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘੋਟਾਲਾ ਤਹਿਤ ਡੋਰੰਡਾ ਖ਼ਜ਼ਾਨੇ ‘ਚ ਹੋਏ 139.35 ਕਰੋੜ ਦੇ ਘਪਲੇ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਕੈਦ ਅਤੇ 60 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ ਵਰਚੂਅਲ ਸੁਣਵਾਈ ਦੌਰਾਨ ਸਜ਼ਾ ਤੈਅ ਕਰਨ ਸਬੰਧੀ ਹੋਈ ਬਹਿਸ ਤੋਂ ਬਾਅਦ ਸੁਣਾਈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਅਦਾਲਤ ਵੱਲੋਂ ਦੋਸ਼ੀਆਂ ਨੂੰ 5-5 ਸਾਲ ਕੈਦ, 32 ਦੋਸ਼ੀਆਂ ਨੂੰ 4-4 ਸਾਲ ਦੀ ਕੈਦ ਅਤੇ 3 ਦੋਸ਼ੀਆਂ ਨੂੰ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਦੋਸ਼ੀਆਂ ਨੂੰ 1 ਲੱਖ ਰੁਪਏ ਤੋਂ ਲੈ ਕੇ 2 ਕਰੋੜ ਰੁਪਏ ਤੱਕ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ 2 ਕਰੋੜ ਰੁਪਏ ਜੁਰਮਾਨਾ ਸਪਲਾਇਰ ਤ੍ਰਿਪੁਰਾਰੀ ਮੋਹਨ ਪ੍ਰਸਾਦ ਨੂੰ ਕੀਤਾ ਗਿਆ ਹੈ। 15 ਫਰਵਰੀ ਨੂੰ ਬਹੁ-ਕਰੋੜੀ ਚਾਰਾ ਘੁਟਾਲੇ ਨਾਲ ਸਬੰਧਿਤ ਡੋਰੰਡਾ ਖ਼ਜ਼ਾਨੇ ਵਿੱਚ 139.35 ਕਰੋੜ ਰੁਪਏ ਦੇ ਹੋਏ ਘਪਲੇ ਸਬੰਧੀ ਕੇਸ ‘ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ 73 ਸਾਲਾ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਤੋਂ ਰਾਂਚੀ ਸਥਿਤ ਸਰਕਾਰੀ ਰਾਜਿੰਦਰਾ ਸਿਹਤ ਵਿਗਿਆਨ ਸੰਸਥਾ (ਆਰਆਈਐੱਮਐੱਸ) ਵਿੱਚ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਦਾ ਗੁਰਦਿਆਂ ਦੀ ਤਕਲੀਫ਼ ਸਣੇ ਕਈ ਬਿਮਾਰੀਆਂ ਦਾ ਇਲਾਜ ਚੱਲ ਰਿਹਾ ਹੈ। ਦਸੰਬਰ 2017 ਤੋਂ ਲਾਲ ਪ੍ਰਸਾਦ ਯਾਦਵ ਦੀ ਸਜ਼ਾ ਦਾ ਜ਼ਿਆਦਾਤਰ ਸਮਾਂ ਆਰਆਈਐੱਮਐੱਸ ਵਿੱਚ ਹੀ ਲੰਘਿਆ। ਪਿਛਲੇ ਸਾਲ ਜਨਵਰੀ ਵਿੱਚ ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਨਵੀਂ ਦਿੱਲੀ ਸਥਿਤ ਏਮਸ ਲਿਜਾਂਦਾ ਗਿਆ ਸੀ। ਸਾਬਕਾ ਮੁੱਖ ਮੰਤਰੀ ਦੇ ਵਕੀਲ ਨੇ ਕਿਹਾ ਕਿ ਉਹ ਸਜ਼ਾ ਦੇ ਇਨ੍ਹਾਂ ਹੁਕਮਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਉਨ੍ਹਾਂ ਕਿਹਾ ਕਿ ਲਾਲੂ ਪ੍ਰਸਾਦ ਯਾਦਵ 36 ਮਹੀਨੇ ਦੀ ਸਜ਼ਾ ਪਹਿਲਾਂ ਹੀ ਪੂਰੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਚਾਰਾ ਘੁਟਾਲੇ ਸਬੰਧੀ 4 ਹੋਰ ਕੇਸਾਂ ਵਿੱਚ 14 ਸਾਲ ਕੈਦ ਦੀ ਸਜ਼ਾ ਹੋ ਚੁੱਕੀ ਹੈ।