ਨਵੀਂ ਦਿੱਲੀ, 2 ਅਗਸਤ (ਏਜੰਸੀ)-ਪੀ. ਚਿਦੰਬਰਮ ਨੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਅੱਜ ਇਕ ਵਾਰ ਫਿਰ ਵਿੱਤ ਮੰਤਰਾਲਾ ਦਾ ਕਾਰਜਭਾਰ ਸੰਭਾਲ ਲਿਆ ਹੈ। ਉਨ੍ਹਾਂ ਦੇ ਸਾਹਮਣੇ ਅਰਥ-ਵਿਵਸਥਾ ਨੂੰ ਨਰਮੀ ਨਾਲ ਉਭਾਰਨ ਦੀ ਚੁਣੌਤੀ ਹੈ, ਜਦੋਂਕਿ ਸੱਤਾ ‘ਤੇ ਘਰੇਲੂ ਮੁਦਰਾਸਫ਼ੀਤੀ ਦਾ ਦਬਾਅ ਹੈ ਅਤੇ ਅੰਤਰਰਾਸ਼ਟਰੀ ਵਾਤਾਵਰਣ ਨਾ ਬਦਲਣਯੋਗ ਬਣਿਆ ਹੋਇਆ ਹੈ। ਮੰਤਰੀ ਮੰਡਲ ਵਿੱਚ ਕੱਲ੍ਹ ਕੀਤੇ ਗਏ ਹਲਕੇ ਫ਼ੇਰਬਦਲ ਵਿੱਚ ਚਿਦੰਬਰਮ ਨੂੰ ਗ੍ਰਹਿ ਮੰਤਰਾਲੇ ਤੋਂ ਹਟਾ ਕੇ ਵਿੱਤ ਮੰਤਰਾਲੇ ਦਾ ਕਾਰਜਭਾਰ ਸੌਂਪ ਦਿੱਤਾ ਗਿਆ। ਬਿਜਲੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਗ੍ਰਹਿ ਮੰਤਰੀ ਬਣਾਏ ਗਏ ਹਨ। ਬਿਜਲੀ ਮੰਤਰਾਲਾ ਦਾ ਕਾਰਜਭਾਰ ਐਮ. ਵੀਰੱਪਾ ਮੋਇਲੀ ਦੇਖਣਗੇ, ਜੋ ਕਾਰਪੋਰੇਟ ਕਾਰਜ ਮੰਤਰਾਲੇ ਦੇ ਪ੍ਰਭਾਵੀ ਹਨ। ਚਿਦੰਬਰਮ ਪਹਿਲਾਂ ਕੁਝ ਸਮੇਂ ਲਈ ਗ੍ਰਹਿ ਮੰਤਰਾਲੇ ਗਏ ਅਤੇ ਉਸ ਤੋਂ ਬਾਅਦ ਨਾਰਥ ਬਲਾਕ ਸਥਿਤ ਵਿੱਤ ਮੰਤਰਾਲੇ ਵਿੱਚ ਆਪਣਾ ਨਵਾਂ ਕਾਰਜਭਾਰ ਸੰਭਾਲ ਲਿਆ।
ਜਾਣਕਾਰੀ ਅਨੁਸਾਰ ਸਵੇਰੇ ਉਨ੍ਹਾਂ ਨੇ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਚਿਦੰਬਰਮ ਅਜਿਹੇ ਸਮੇਂ ਵਿੱਤ ਮੰਤਰਾਲੇ ਦਾ ਕਾਰਜਭਾਰ ਸੰਭਾਲ ਰਹੇ ਹਨ ਜਦੋਂ ਦੇਸ਼ ਦੀ ਆਰਥਿਕ ਵਧੀ ਦਰ 6.5 ਫੀਸਦੀ ਤੱਕ ਹੇਠਾਂ ਆ ਚੁੱਕੀ ਹੈ। ਅਜਿਹੇ ਸਮੇਂ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਫਿਰ ਤੋਂ ਬਹਾਲ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਚੋਣਾਂ ਲੜਨ ਲਈ 26 ਜੂਨ ਨੂੰ ਵਿੱਤ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਉਦੋਂ ਤੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਮੰਤਰਾਲੇ ਦਾ ਕੰਮਕਾਜ ਦੇਖ ਰਹੇ ਹਨ। ਮੁਖਰਜੀ ਨੇ 25 ਜੁਲਾਈ ਨੂੰ ਭਾਰਤ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਹੈ।
Indian News ਚਿਦੰਬਰਮ ਨੇ ਵਿੱਤ ਮੰਤਰੀ ਦਾ ਕਾਰਜਭਾਰ ਸੰਭਾਲਿਆ