ਮੁੰਬਈ, 28 ਮਈ – ਇੱਥੇ 27 ਮਈ ਦਿਨ ਐਤਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਫਾਈਨਲ ਮੁਕਾਬਲੇ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਜ਼ ਨੇ ਕਪਤਾਨ ਕੇਨ ਵਿਲੀਅਮਸਨ ਦੀ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰੀ ਖ਼ਿਤਾਬ ਆਪਣੇ ਨਾਂਅ ਕਰ ਲਿਆ। ਚੇਨਈ ਸੁਪਰਕਿੰਗਜ਼ ਨੂੰ ਖ਼ਿਤਾਬ ਜਿਤਾਉਣ ਦਾ ਸਿਹਰਾ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਸਿਰ ਬੱਝਾ ਜਿਸ ਨੇ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਟੀਮ ਨੂੰ ਆਈਪੀਐਲ ਚੈਂਪੀਅਨ ਬਣਾਇਆ। ਜ਼ਿਕਰਯੋਗ ਹੈ ਕਿ ਚੇਨਈ ਸੁਪਰਕਿੰਗਜ਼ ਨੇ ਇਸ ਤੋਂ ਪਹਿਲਾਂ ਸਾਲ 2010 ਤੇ 2011 ਵਿੱਚ ਖ਼ਿਤਾਬ ਜਿੱਤੇ ਸਨ, ਜਦੋਂ ਕਿ 2012, 2013 ਤੇ 2015 ਵਿੱਚ ਉਸ ਨੂੰ ਫਾਈਨਲ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਸੀ।
ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ ‘ਤੇ 178 ਦੌੜਾਂ ਬਣਾਈਆਂ। ਕਪਤਾਨ ਕੇਨ ਵਿਲੀਅਮਸਨ ਨੇ 47 ਦੌੜਾਂ, ਯੂਸੁਫ਼ ਪਠਾਨ ਨੇ ਨਾਬਾਦ 45 ਦੌੜਾਂ, 26, ਸ਼ਾਕਿਬ ਅਲ ਹਸਨ ਨੇ 23 ਦੌੜਾਂ ਅਤੇ ਕਾਰਲੋਸ ਬ੍ਰੇਥਵੇਟ ਨੇ 21 ਦੌੜਾਂ ਦੀ ਪਾਰੀ ਖੇਡੀ। ਚੇਨਈ ਸੁਪਰਕਿੰਗਜ਼ ਵੱਲੋਂ ਗੇਂਦਬਾਜ਼ ਦੀਪਕ ਚਾਹਰ ਨੂੰ ਛੱਡ ਕੇ ਲੁੰਗੀ ਨਗਿਡੀ, ਡਵੈਨ ਬ੍ਰਾਵੋ, ਸ਼ਰਦੁਲ ਠਾਕੁਰ, ਕਰਣ ਸ਼ਰਮਾ ਅਤੇ ਰਵਿੰਦਰ ਜਡੇਜਾ ਨੇ 1-1 ਵਿਕਟ ਲਿਆ।
ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਮਿਲੇ 179 ਦੌੜਾਂ ਦੇ ਟੀਚੇ ਨੂੰ ਚੇਨਈ ਸੁਪਰਕਿੰਗਜ਼ ਨੇ 18.3 ਓਵਰ ਵਿੱਚ 2 ਵਿਕਟਾਂ ਗੁਆ ਕੇ ਅਰਾਮ ਨਾਲ ਪੂਰਾ ਕਰ ਲਿਆ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਤੀਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਚੇਨਈ ਸੁਪਰਕਿੰਗਜ਼ ਵੱਲੋਂ ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ 117 ਦੌੜਾਂ ਦੀ ਨਾਬਾਦ ਪਾਰੀ ਖੇਡੀ। ਸ਼ੇਨ ਵਾਟਸਨ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ 57 ਗੇਂਦਾਂ ਵਿੱਚ 11 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ ਨਾਬਾਦ 117 ਦੌੜਾਂ ਬਣਾਈਆਂ। ਵਾਟਸਨ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਵਾਟਸਨ ਤੋਂ ਇਲਾਵਾ ਫਾੱਫ ਡੂ ਪਲੇਸਿਸ ਨੇ 10, ਸੁਰੇਸ਼ ਰੈਣਾ ਨੇ 32 ਅਤੇ ਅੰਬਾਤੀ ਰਾਇਡੂ ਨੇ ਨਾਬਾਦ 16 ਦੌੜਾਂ ਦੀ ਪਾਰੀ ਖੇਡੀ। ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਸੰਦੀਪ ਸ਼ਰਮਾ ਅਤੇ ਕਾਰਲੋਸ ਬ੍ਰੇਥਵੇਟ ਨੇ 1-1 ਵਿਕਟ ਲਿਆ।
ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ ਆਈਪੀਐਲ 2018 ਵਿੱਚ 700 ਦੌੜਾਂ ਵੀ ਪੂਰੀਆਂ ਕੀਤੀਆਂ। ਕ੍ਰਿਸ ਗੇਲ, ਮਾਈਕਲ ਹਸੀ, ਵਿਰਾਟ ਕੋਹਲੀ ਅਤੇ ਡੇਵਿਡ ਵਾਰਨਰ ਤੋਂ ਬਾਅਦ ਕਿਸੇ ਇੱਕ ਆਈਪੀਐਲ ਟੂਰਨਾਮੈਂਟ ਵਿੱਚ 700 ਤੋਂ ਵੱਧ ਦੌੜਾਂ ਬਣਾਉਣ ਵਾਲਾ ਵਿਲੀਅਮਸਨ ਪੰਜਵਾਂ ਬੱਲੇਬਾਜ਼ ਹੈ। ਗੇਲ ਨੇ ਇਹ ਉਪਲਬਧੀ 2 ਵਾਰ ਹਾਸਲ ਕੀਤੀ ਹੈ।
ਆਈਪੀਐਲ ਐਵਾਰਡਜ਼
‘ਓਰੇਂਜ ਕੈਪ’ : ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਮਿਲਿਆ, ਜਿਸ ਨੇ ਟੂਰਨਾਮੈਂਟ ਦੌਰਾਨ ਸਭ ਤੋਂ ਵੱਧ 735 ਦੌੜਾਂ ਬਣਾਈਆਂ ਹਨ। ਉਹ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪੰਜਵਾਂ ਬੱਲੇਬਾਜ਼ ਬਣ ਗਿਆ ਹੈ।
‘ਪਰਪਲ ਕੈਪ’ : ਇਹ ਐਵਾਰਡ ਕਿੰਗਜ਼ ਇਲੈਵਨ ਪੰਜਾਬ ਦੇ ਗੇਂਦਬਾਜ਼ ਐਂਡਰਿਊ ਟਾਈ ਨੂੰ ਮਿਲਿਆ। ਉਸ ਨੇ ਆਈਪੀਐਲ ਟੂਰਨਾਮੈਂਟ ਦੌਰਾਨ 24 ਵਿਕਟਾਂ ਲਈਆਂ ਹਨ।
‘ਨਈਂ ਸੋਚ’ ਐਵਾਰਡ : ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਦਿੱਤਾ।
‘ਸਟਾਈਲਿਸ਼ ਪਲੇਅਰ ਆਫ਼ ਦਿ ਸੀਜ਼ਨ’ : ਦਿੱਲੀ ਡੇਅਰਡੈਵਿਲਜ਼ ਦੇ ਵਿਕਟਕੀਪਰ ਰਿਸ਼ਭ ਪੰਤ ਨੂੰ ਮਿਲਿਆ। ਰਿਸ਼ਭ ਪੰਤ 684 ਦੌੜਾਂ ਬਣਾ ਕੇ ਆਈਪੀਐਲ ਵਿੱਚ ਦੂਜੇ ਸਥਾਨ ‘ਤੇ ਰਿਹਾ। ‘ਇਮਰਜ਼ਿੰਗ ਪਲੇਅਰ ਆਫ਼ ਸੀਜ਼ਨ’ ਐਵਾਰਡ ਵੀ ਪੰਤ ਨੂੰ ਮਿਲਿਆ ਹੈ।
‘ਬਿਹਤਰੀਨ ਕੈਚ’ : ਇਹ ਐਵਾਰਡ ਦਿੱਲੀ ਡੇਅਰਡੈਵਿਲਜ਼ ਦੇ ਫੀਲਡਰ ਟਰੈਂਟ ਬੌਲਟ ਨੂੰ ਦਿੱਤਾ ਗਿਆ।
‘ਸੁਪਰ ਸਟਰਾਈਕਰ ਆਫ਼ ਦਿ ਈਅਰ’ : ਇਹ ਐਵਾਰਡ ਸੁਨੀਲ ਨਰੇਨ ਨੂੰ ਦਿੱਤਾ ਗਿਆ।
‘ਆਈਪੀਐਲ ਫੇਅਰ ਪਲੇਅ’ ਐਵਾਰਡ : ਇਹ ਐਵਾਰਡ ਮੁੰਬਈ ਇੰਡੀਅਨਸ ਨੂੰ ਦਿੱਤਾ ਗਿਆ।
Cricket ਚੇਨਈ ਦਾ ਤੀਜੀ ਵਾਰ ਆਈਪੀਐਲ ਦੇ ਖ਼ਿਤਾਬ ‘ਤੇ ਕਬਜ਼ਾ