ਕਾਰਡਿਫ, 14 ਜੂਨ – ਇੱਥੇ ਚੈਂਪੀਅਨਜ਼ ਟਰਾਫ਼ੀ ਦੇ ਪਹਿਲੇ ਸੈਮੀ ਫਾਈਨਲ ਵਿੱਚ ਪਾਕਿਸਤਾਨ ਨੇ ਮੇਜ਼ਬਾਨ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹੁਣ ਫਾਈਨਲ ਵਿੱਚ ਉਸ ਦੀ ਟੱਕਰ ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਦੂਜੇ ਸੈਮੀ ਫਾਈਨਲ ਦੇ ਜੇਤੂ ਨਾਲ ਹੋਵੇਗੀ। ਗੌਰਤਲਬ ਹੈ ਕਿ ਚੈਂਪੀਅਨਜ਼ ਟਰਾਫ਼ੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਏਸ਼ੀਆ ਦੀਆਂ ਦੋ ਟੀਮਾਂ ਫਾਈਨਲ ਵਿੱਚ ਭਿੜਨਗੀਆਂ।
ਪਾਕਿਸਤਾਨ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਕਰਨ ਦਾ ਸਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਇੰਗਲੈਂਡ ਨੇ 49.5 ਓਵਰਾਂ ਵਿੱਚ 211 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੋਅ ਰੂਟ ਨੇ 46, ਜੌਨੀ ਬੇਅਰਸਟਾਅ ਨੇ 43 ਅਤੇ ਇਓਨ ਮੋਰਗਨ ਨੇ 33 ਅਤੇ ਬੈੱਨ ਸਟੋਕਸ ਨੇ 34 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨੀ ਗੇਂਦਬਾਜ਼ ਹਸਨ ਅਲੀ ਨੇ 3 ਅਤੇ ਜੁਨੈਦ ਖਾਨ ਅਤੇ ਰੁਮਾਨ ਰਈਸ ਦੇ 2-2 ਵਿਕਟਾਂ ਲਈਆਂ।
ਇੰਗਲੈਂਡ ਵੱਲੋਂ ਮਿਲੇ 211 ਦੌੜਾਂ ਦੇ ਟੀਚੇ ਨੂੰ ਪਾਕਿਸਤਾਨ ਨੇ 37.1 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਉੱਤੇ 215 ਦੌੜਾਂ ਬਣਾ ਕੇ ਅਸਾਨੀ ਨਾਲ ਪੂਰਾ ਕਰਕੇ ਮੈਚ ੮ ਵਿਕਟਾਂ ਉੱਤੇ ਜਿੱਤਣ ਦੇ ਨਾਲ ਫਾਈਨਲ ਵਿੱਚ ਥਾਂ ਬਣਾ ਲਈ। ਪਾਕਿਸਤਾਨ ਲਈ ਅਜ਼ਹਰ ਅਲੀ ਨੇ 76, ਫਖ਼ਰ ਜ਼ਮਾਨ ਨੇ 57, ਬਾਬਰ ਆਜ਼ਮ ਨੇ ਨਾਬਾਦ 38 ਅਤੇ ਮੁਹੰਮਦ ਹਫੀਜ਼ ਨੇ ਨਾਬਾਦ 31 ਦੌੜਾਂ ਬਣਾਈਆਂ। ਇੰਗਲੈਂਡ ਗੇਂਦਬਾਜ਼ ਜੇਕ ਬਾਲ ਅਤੇ ਆਦਿਲ ਰਾਸ਼ਿਦ ਨੂੰ 1-1 ਵਿਕਟ ਮਿਲਿਆ। ਮੇਜ਼ਬਾਨ ਇੰਗਲੈਂਡ ਟੀਮ ਨੂੰ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਕਿਉਂਕਿ ਉਹ ਆਪਣੇ ਗਰੁੱਪ ਦੇ ਲੀਗ ਮੈਚਾਂ ਵਿੱਚ ਅਜਿੱਤ ਰਹੀ ਸੀ।
Cricket ਚੈਂਪੀਅਨਜ਼ ਟਰਾਫ਼ੀ: ਪਾਕਿਸਤਾਨ ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਫਾਈਨਲ ‘ਚ ਪੁੱਜਾ