ਭਾਰਤ ਦਾ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਮੈਚ ਹੈ ਅਹਿਮ
ਲੰਡਨ, 8 ਜੂਨ – ਇੱਥੇ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਬੀ’ ਦੇ ਮੁਕਾਬਲੇ ਵਿੱਚ ਸ੍ਰੀਲੰਕਾ ਨੇ ਪਿਛਲੀ ਵਾਰ ਦੇ ਚੈਂਪੀਅਨ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਨੇ ਪਹਿਲਾਂ ਖੇਡ ਦਿਆਂ 50 ਓਵਰਾਂ ਵਿੱਚ 6 ਵਿਕਟਾਂ ਉੱਤੇ 321 ਦੌੜਾਂ ਬਣਾਈਆਂ। ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 125, ਰੋਹਿਤ ਸ਼ਰਮਾ ਨੇ 78 ਅਤੇ ਮਹਿੰਦਰ ਸਿੰਘ ਧੋਨੀ ਨੇ 63 ਦੌੜਾਂ ਬਣਾਈਆਂ। ਸ਼ਿਖਰ ਨੇ ਆਪਣੇ ਕੈਰੀਅਰ ਦਾ 10ਵਾਂ ਵੰਨਡੇ ਸੈਂਕੜਾ ਬਣਾਇਆ। ਭਾਰਤ ਨੇ ਅਖੀਰਲੇ 10 ਓਵਰਾਂ ਵਿੱਚ 103 ਦੌੜਾਂ ਜੋੜੀਆਂ। ਸ੍ਰੀਲੰਕਾ ਵੱਲੋਂ ਮਲਿੰਗਾ ਨੇ 2, ਲਕਮਲ, ਪ੍ਰਦੀਪ, ਪਰੇਰਾ ਅਤੇ ਗੁਣਾਰਤਨੇ ਨੇ 1-1 ਵਿਕਟ ਲਿਆ।
ਭਾਰਤ ਵੱਲੋਂ ਮਿਲੇ 322 ਦੌੜਾਂ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਦੀ ਟੀਮ ਨੇ ਬੱਲੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 48.4 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 322 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਜੇਤੂ ਟੀਮ ਲਈ ਕੁਸ਼ਲ ਮੈਂਡਿਸ ਨੇ 89, ਦਨੁਸ਼ਕਾ ਗੁਨਾਤੀਲਾਕਾ ਨੇ 73 ਅਤੇ ਕਪਤਾਨ ਐਂਜਲੋ ਮੈਥਿਊਜ਼ ਨੇ 52 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਗੇਂਦਬਾਜ਼ ਭੁਬਨੇਸ਼ਵਰ ਕੁਮਾਰ ਨੂੰ 1 ਵਿਕਟ ਮਿਲਿਆ, ਸ੍ਰੀਲੰਕਾ ਦੇ ਬਾਕੀ ੨ ਖਿਡਾਰੀ ਰਨਆਓਟ ਹੋਏ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 124 ਦੌੜਾਂ ਨਾਲ ਹਰਾਇਆ ਸੀ। ਗਰੁੱਪ ‘ਬੀ’ ਵਿੱਚ ਹੁਣ ਸਿਰਫ਼ ਦੋ ਮੈਚ ਬਚੇ ਹਨ। 11 ਜੂਨ ਦਿਨ ਐਤਵਾਰ ਨੂੰ ਭਾਰਤੀ ਟੀਮ ਆਈਸੀਸੀ ਵੰਨਡੇ ਦਰਜਾਬੰਦੀ ਵਿੱਚ ਨੰਬਰ ਇੱਕ ਉੱਤੇ ਕਾਬਜ਼ ਦੱਖਣੀ ਅਫ਼ਰੀਕਾ ਨਾਲ ਭਿੜੇਗੀ ਉੱਥੇ ਹੀ 12 ਜੂਨ ਦਿਨ ਸੋਮਵਾਰ ਨੂੰ ਪਾਕਿਸਤਾਨ ਅਤੇ ਸ੍ਰੀਲੰਕਾ ਆਹਮਨੇ-ਸਾਹਮਣੇ ਹੋਣਗੀਆਂ। ਇਹ ਦੋਵੇਂ ਮੈਚ ਤੈਅ ਕਰਨਗੇ ਕਿ ਗਰੁੱਪ ‘ਬੀ’ ‘ਚੋਂ ਕਿਹੜੀ ਦੋ ਟੀਮਾਂ ਆਖ਼ਰੀ ਚਾਰ ਵਿੱਚ ਜਗ੍ਹਾ ਬਣਾਉਣਗੀਆਂ।
ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਮੈਚ ਹੈ ਅਹਿਮ
ਲੀਗ ਸਟੇਜ ਵਿੱਚ ਭਾਰਤ ਦਾ ਦੱਖਣੀ ਅਫ਼ਰੀਕਾ ਦੇ ਨਾਲ ਹੋਣ ਵਾਲੇ ਮੈਚ ਨੂੰ ਤੁਸੀਂ ਕੁਆਟਰ ਫਾਈਨਲ ਕਹਿ ਸਕਦੇ ਹੋ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਦਾ ਆਖ਼ਰੀ ਚਾਰ ਵਿੱਚ ਪੁੱਜਣਾ ਲਗਭਗ ਤੈਅ ਹੋ ਜਾਵੇਗਾ। ਜੇਕਰ ਭਾਰਤ ਦੱਖਣੀ ਅਫ਼ਰੀਕਾ ਨੂੰ ਹਰਾ ਦਿੰਦਾ ਹੈ ਤਾਂ ਉਸ ਦਾ ਆਖ਼ਰੀ ਚਾਰ ਵਿੱਚ ਪੁੱਜਣਾ ਲਗਭਗ ਤੈਅ ਹੋ ਜਾਵੇਗਾ। ਪਰ ਜੇਕਰ ਭਾਰਤ ਹਾਰ ਜਾਂਦਾ ਹੈ ਤਾਂ ਚੈਂਪੀਅਨਜ਼ ਟਰਾਫ਼ੀ ਵਿੱਚ ਉਸ ਦਾ ਸਫ਼ਰ ਖ਼ਤਮ ਹੋ ਜਾਵੇਗਾ ।
ਪਾਕਿਸਤਾਨ-ਸ੍ਰੀਲੰਕਾ ਮੈਚ ਹੈ ਕੁਆਟਰ ਫਾਈਨਲ
ਗਰੁੱਪ ‘ਬੀ’ ਵਿੱਚ ਸੋਮਵਾਰ ਨੂੰ ਪਾਕਿਸਤਾਨ ਦਾ ਮੈਚ ਸ੍ਰੀਲੰਕਾ ਨਾਲ ਹੋਵੇਗਾ। ਭਾਰਤ ਤੋਂ ਹਾਰਨ ਵਾਲੀ ਪਾਕਿਸਤਾਨੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਚੈਂਪੀਅਨਜ਼ ਟਰਾਫ਼ੀ ਵਿੱਚ ਆਪਣੀ ਉਮੀਦਾਂ ਜ਼ਿੰਦਾ ਰੱਖੀਆਂ ਹਨ। ਪਾਕਿਸਤਾਨ ਅਤੇ ਸ੍ਰੀਲੰਕਾ ਦੇ ਵਿੱਚ ਹੋਣ ਵਾਲੇ ਇਸ ਮੁਕਾਬਲੇ ਨੂੰ ਜਿੱਤਣ ਵਾਲੀ ਟੀਮ ਵੀ ਸੈਮੀ-ਫਾਈਨਲ ਵਿੱਚ ਪਹੁੰਚ ਜਾਵੇਗੀ।
Cricket ਚੈਂਪੀਅਨਜ਼ ਟਰਾਫ਼ੀ: ਸ੍ਰੀਲੰਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ