ਚੰਦਰਯਾਨ-3: ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਨ ਉਤਰਿਆ, ਭਾਰਤ ਦੇ ਚੰਦਰਯਾਨ-3 ਨੇ ਇਤਿਹਾਸ ਰਚ ਦਿੱਤਾ

ਨਵੀਂ ਦਿੱਲੀ, 23 ਅਗਸਤ – ਭਾਰਤ ਦੇ ਚੰਦਰਯਾਨ-3 ਦੇ ਲੈਂਡਰ ਮੌਡਿਊਲ ਨੇ ਚੰਦ ਦੇ ਦੱਖਣੀ ਧਰੁਵ ਦੀ ਸਤਹਿ ’ਤੇ ਅੱਜ ਬੁੱਧਵਾਰ ਸ਼ਾਮ 6.04 ਵਜੇ ਚੰਦਰਮਾ ‘ਤੇ ਸਫਲਤਾਪੂਰਨ ਸਾਫਟ ਲੈਂਡਿੰਗ ਕਰ ਲਈ ਹੈ। ਭਾਰਤ ਦੇ ਚੰਦਰਯਾਨ-3 ਨੇ ਇਤਿਹਾਸ ਰਚ ਦਿੱਤਾ ਹੈ। ਇਸ ਤਰ੍ਹਾਂ ਚੰਦ ਦੇ ਦੱਖਣੀ ਧਰੁੱਵ ’ਤੇ ਉਤਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਅਜਿਹੇ ਔਖੇ ਹਿੱਸੇ ‘ਤੇ ਸਫਲ ਲੈਂਡਿੰਗ ਕੀਤੀ ਹੈ। ਹੁਣ ਤੱਕ ਕੋਈ ਵੀ ਦੇਸ਼ ਦੱਖਣੀ ਧਰੁਵ ‘ਤੇ ਨਹੀਂ ਉਤਰ ਸਕਿਆ ਹੈ। ਅਮਰੀਕਾ, ਚੀਨ ਤੇ ਸੋਵੀਅਤ ਰੂਸ ਮਗਰੋਂ ਭਾਰਤ ਧਰਤੀ ਦੇ ਇਕੋ ਇਕ ਕੁਦਰਤੀ ਉਪਗ੍ਰਹਿ ਚੰਨ ’ਤੇ ਪਹੁੰਚਣ ਵਾਲਾ ਚੌਥਾ ਤੇ ਇਸ ਦੇ ਦੱਖਣੀ ਧਰੁਵ ’ਤੇ ਸਫ਼ਲ ਲੈਂਡਿੰਗ ਕਰਨ ਵਾਲਾ ਪਹਿਲਾ ਮੁਲਕ ਬਣ ਗਿਆ ਹੈ। ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਤੋਂ ਫੌਰੀ ਮਗਰੋੋਂ ਲੈਂਡਰ ਤੇ ਪੁਲਾੜ ਏਜੰਸੀ ਦੇ ਮਿਸ਼ਨ ਅਪਰੇਸ਼ਨਜ਼ ਕੰਪਲੈਕਸ (ਐੱਮਓਐੱਕਸ) ਵਿਚਾਲੇ ਸੰਪਰਕ ਸਥਾਪਿਤ ਹੋ ਗਿਆ ਹੈ। ਇਸਰੋ ਨੇ ਲੈਂਡਰ ਦੇ ਹੋਰੀਜ਼ੌਂਟਲ ਵੈਲੋਸਿਟੀ ਕੈਮਰੇ ਤੋਂ ਚੰਨ ਦੀ ਸਤਹਿ ਵੱਲ ਉਤਰਾਈ ਮੌਕੇ ਖਿੱਚੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਐੱਮਓਐੱਕਸ ਇਸਰੋ ਟੈਲੀਮੀਟਰੀ, ਟਰੈਕਿੰਗ ਤੇ ਕਮਾਂਡ ਨੈੱਟਵਰਕ ਵਿੱਚ ਸਥਾਪਿਤ ਹੈ। ਇਸਰੋ ਦਾ ਚੰਨ ਵੱਲ ਇਹ ਤੀਜਾ ਮਿਸ਼ਨ ਸੀ। ਇਸ ਤੋਂ ਪਹਿਲਾਂ ਭਾਰਤ ਨੇ 2008 ਤੇ 2019 ਵਿੱਚ ਵੀ ਚੰਨ ਵੱਲ ਉਡਾਣ ਭਰੀ ਸੀ। ਭਾਰਤ ਨੇ ਇਹ ਪ੍ਰਾਪਤੀ ਅਜਿਹੇ ਮੌਕੇ ਕੀਤੀ ਹੈ ਜਦੋਂ ਰੂਸ ਦਾ ਲੈਂਡਰ ਲੂਨਾ-25 ਐਤਵਾਰ ਨੂੰ ਲੈਂਡਿੰਗ ਮੌਕੇ ਤਕਨੀਕੀ ਕਾਰਨਾਂ ਕਰਕੇ ਕਰੈਸ਼ ਹੋ ਗਿਆ ਸੀ। ਲੈਂਡਰ ਮੌਡਿਊਲ ਵਿੱਚ ਲੈਂਡਰ (ਵਿਕਰਮ) ਤੇ 26 ਕਿਲੋ ਵਜ਼ਨ ਦਾ ਰੋਵਰ (ਪ੍ਰਗਿਆਨ) ਸ਼ਾਮਲ ਹਨ।
ਲੈਂਡਰ ਮਾਡਿਊਲ ਨੇ ਚੰਦਰਮਾ ਦੇ ਦੱਖਣੀ ਧਰੁਵ (ਚੰਦਰਯਾਨ-3 ਲੈਂਡਡ ਆਨ ਮੂਨ) ‘ਤੇ ਸਫਲ ਲੈਂਡਿੰਗ ਕੀਤੀ, ਜਿਵੇਂ ਹੀ ਲੈਂਡਿੰਗ ਸਫਲ ਹੋਈ, ਬੈਂਗਲੁਰੂ ‘ਚ ਇਸਰੋ ਦੇ ਮਿਸ਼ਨ ਆਪ੍ਰੇਸ਼ਨ ਕੰਪਲੈਕਸ (MOX) ‘ਚ ਬੈਠੇ ਵਿਗਿਆਨੀਆਂ ਸਮੇਤ ਪੂਰਾ ਦੇਸ਼ ਖੁਸ਼ੀ ਨਾਲ ਛਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਦੱਖਣੀ ਅਫਰੀਕਾ ਤੋਂ ਸ਼ਾਮਲ ਹੋਏ। ਸਫਲ ਲੈਂਡਿੰਗ ਤੋਂ ਬਾਅਦ, ਪੀਐਮ ਨੇ ਕਿਹਾ, ‘ਹਰ ਭਾਰਤੀ ਜਸ਼ਨ ਵਿੱਚ ਡੁੱਬਿਆ ਹੋਇਆ ਹੈ ਕਿਉਂਕਿ ਨਵਾਂ ਇਤਿਹਾਸ ਰਚਿਆ ਗਿਆ ਹੈ, ਹਰ ਘਰ ਵਿੱਚ ਜਸ਼ਨ ਸ਼ੁਰੂ ਹੋ ਗਿਆ ਹੈ।’
ਚੰਦਰਯਾਨ-3 ਦੀ ਇਸ ਲੈਂਡਿੰਗ ਨਾਲ ਭਾਰਤੀ ਤਿਰੰਗਾ ਚੰਦਰਮਾ ਦੇ ਉਸ ਹਿੱਸੇ ‘ਤੇ ਪਹੁੰਚ ਗਿਆ ਹੈ ਜਿੱਥੇ ਹੁਣ ਤੱਕ ਕੋਈ ਨਹੀਂ ਪਹੁੰਚਿਆ ਹੈ। ਚੰਦਰਯਾਨ-3 ਦੱਖਣੀ ਧਰੁਵ ਦੇ ਮੈਨਜ਼ੀਨਸ ਸੀ ਅਤੇ ਸਿਮਪੀਲੀਅਸ ਐਨ ਕ੍ਰੇਟਰਾਂ ਦੇ ਨੇੜੇ ਉਤਰਿਆ ਹੈ। 14 ਜੁਲਾਈ ਨੂੰ ਸ਼ੁਰੂ ਕੀਤਾ ਗਿਆ ਇਹ ਮਿਸ਼ਨ ਹੁਣ ਪੂਰੀ ਦੁਨੀਆ ਲਈ ਸਫ਼ਲਤਾ ਦੀ ਕਹਾਣੀ ਬਣ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਸਾਲ 2019 ਵਿੱਚ ਜਦੋਂ ਭਾਰਤ ਦਾ ਚੰਦਰਯਾਨ-2 ਮਿਸ਼ਨ ਫੇਲ ਹੋਇਆ ਤਾਂ ਕਈ ਲੋਕਾਂ ਨੇ ਭਾਰਤ ਦਾ ਮਜ਼ਾਕ ਵੀ ਉਡਾਇਆ। ਜਿਵੇਂ ਹੀ ਇਸਰੋ ਨੇ ਚੰਦਰਯਾਨ ਦੀ ਚੰਦਰਮਾ ਦੀ ਸਤ੍ਹਾ ‘ਤੇ ਸੁਰੱਖਿਅਤ ਲੈਂਡਿੰਗ ਦਾ ਐਲਾਨ ਕੀਤਾ, ਦੇਸ਼ ਭਰ ਵਿਚ ਤਾੜੀਆਂ ਦੀ ਗੂੰਜ ਹੋਈ। ਢੋਲ ਵੱਜੇ, ਪਟਾਕੇ ਚਲਾਏ ਗਏ ਅਤੇ ਮਠਿਆਈਆਂ ਵਰਤਾਈਆਂ ਗਈਆਂ।
ਚੰਦਰਮਾ ਦੀ ਸਤ੍ਹਾ ‘ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਹੁਣ ਪ੍ਰਗਿਆਨ ਦੀ ਸੈਰ ਵੀ ਸ਼ੁਰੂ ਹੋ ਗਈ ਹੈ। ਰੋਵਰ ਪ੍ਰਗਿਆਨ ਹੁਣ ਅਗਲੇ 14 ਦਿਨਾਂ ਤੱਕ ਚੰਦਰਮਾ ਬਾਰੇ ਜਾਣਕਾਰੀ ਪ੍ਰਾਪਤ ਕਰੇਗਾ। ਇਸਰੋ ਚੰਦਰਮਾ ਦੀ ਸਤ੍ਹਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।
ਚੰਦਰਯਾਨ-3 ਦਾ ਰੋਵਰ ਮੋਡੀਊਲ ਕੰਮ
ਚੰਦਰਯਾਨ-3 ਦੇ ਰੋਵਰ ਪ੍ਰਗਿਆਨ ਦਾ ਭਾਰ ਸਿਰਫ 26 ਕਿਲੋ ਹੈ। ਇਸ ਵਿੱਚ ਬਿਜਲੀ ਉਤਪਾਦਨ ਲਈ ਸੋਲਰ ਪੈਨਲਾਂ ਵਾਲੀ ਬੈਟਰੀ ਵੀ ਸ਼ਾਮਲ ਹੈ। 91.7 ਸੈਂਟੀਮੀਟਰ ਲੰਬਾ, 75 ਸੈਂਟੀਮੀਟਰ ਚੌੜਾ ਅਤੇ 39.7 ਸੈਂਟੀਮੀਟਰ ਉੱਚਾ ਇਹ ਰੋਵਰ ਆਪਣੇ ਛੇ ਪਹੀਆਂ ਦੀ ਮਦਦ ਨਾਲ ਚੰਦਰਮਾ ਦੀ ਸਤ੍ਹਾ ‘ਤੇ ਚੱਲੇਗਾ। ਇਹ ਇਕੱਤਰ ਕੀਤੀ ਜਾਣਕਾਰੀ ਨੂੰ ਲੈਂਡਰ ਨੂੰ ਭੇਜਦਾ ਹੈ, ਜੋ ਬਦਲੇ ਵਿੱਚ ਇਸਨੂੰ ਭਾਰਤੀ ਡੀਪ ਸਪੇਸ ਨੈੱਟਵਰਕ ਨੂੰ ਭੇਜਦਾ ਹੈ। ਰੋਵਰ ‘ਤੇ ਲਗਾਇਆ ਗਿਆ LIBS ਯੰਤਰ ਚੰਦਰਮਾ ‘ਤੇ ਮੈਗਨੀਸ਼ੀਅਮ, ਐਲੂਮੀਨੀਅਮ, ਸਿਲੀਕਾਨ, ਕੈਲਸ਼ੀਅਮ, ਟਾਈਟੇਨੀਅਮ ਤੱਤਾਂ ਦਾ ਪਤਾ ਲਗਾਏਗਾ।