ਮੁੱਖ ਮੰਤਰੀ ਵਲੋਂ ਰੋਪੜ ਵਿਖੇ ਸਰਵਿਸ ਸਿਲੈਕਸ਼ਨ ਸੈਂਟਰ (ਉਤਰ) ਸਥਾਪਤ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਲਈ ਜ਼ੋਰ
ਅੰਮ੍ਰਿਤਸਰ ਦੇ ਇਸਲਾਮਾਬਾਦ ਵਿੱਚ ਦੋ ਫੌਜੀ ਟਿਕਾਣਿਆਂ ਰਾਹੀਂ ਸਿਵਲੀਅਨਾਂ ਨੂੰ ਲਾਂਘਾ ਦੇਣ ਲਈ ਪ੍ਰਵਾਨਗੀ ਦੇਣ ਦੀ ਮੰਗ
ਚੰਡੀਗੜ੍ਹ, 17 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਕਰਮ ਸਿੰਘ ਤੋਂ ਰੋਪੜ ਵਿਖੇ ਸਰਵਿਸ ਸਿਲੈਕਸ਼ਨ ਸੈਂਟਰ (ਉਤਰ) ਸਥਾਪਤ ਕਰਨ ਵਿੱਚ ਤੇਜ਼ੀ ਲਿਆਉਣ ਲਈ ਮਦਦ ਮੰਗੀ। ਜਨਰਲ ਬਿਕਰਮ ਸਿੰਘ ਮੁੱਖ ਮੰਤਰੀ ਨੂੰ ਅੱਜ ਸਵੇਰੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲੇ। ਸ. ਬਾਦਲ ਨੇ ਜਨਰਲ ਬਿਕਰਮ ਸਿੰਘ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਐਸ. ਐਸ. ਸੀ. ਲਈ 200 ਏਕੜ ਜ਼ਮੀਨ ਪਹਿਲਾਂ ਹੀ ਫੌਜ ਦੇ ਹਵਾਲੇ ਕਰ ਦਿੱਤੀ ਹੈ। ਇਸ ਸਬੰਧੀ ਅਗਲੀ ਕਾਰਵਾਈ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦੀ ਖੜਗ ਭੁਜਾ ਹੈ ਜਿਸ…. ਕਰਕੇ ਉਹ ਐਸ. ਐਸ. ਸੀ. ਰਾਹੀਂ ਭਾਰਤੀ ਫੌਜ ਵਿੱਚ ਵੱਡੀ ਪੱਧਰ ਉੱਤੇ ਭਰਤੀ ਹੁੰਦੇ ਇਥੋਂ ਦੇ ਨੌਜਵਾਨਾਂ ਨੂੰ ਵੇਖਣਾ ਚਾਹੁੰਦੇ ਹਨ ਕਿਉਂਕਿ ਰਾਜ ਦੇ ਲੋਕਾਂ ਵਿੱਚ ਸਦੀਆਂ ਪੁਰਾਣੀ ਬਹਾਦਰੀ ਦੀ ਭਾਵਨਾ ਹੈ। ਅੰਮ੍ਰਿਤਸਰ ਵਿੱਚ ਪੈਂਦੇ ਇਸਲਾਮਾਬਾਦ ਵਿੱਚ ਦੋ ਫੌਜੀ ਟਿਕਾਣਿਆਂ ਰਾਹੀਂ ਸਿਵਲੀਅਨਾਂ ਨੂੰ ਲਾਂਘਾ ਦੇਣ ਲਈ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਹੈ।
ਸ. ਬਾਦਲ ਨੇ ਫੌਜ ਦੇ ਉਚ ਅਧਿਕਾਰੀਆਂ ਤੋਂ ਪੰਜਾਬ ਵਿੱਚ ਉਨ੍ਹਾਂ ਦੇ ਵੱਡੇ ਤਜਰਬੇ ਅਤੇ ਮੁਹਾਰਤ ਦੇ ਰਾਹੀਂ ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਮੁੜ ਸੁਰਜੀਤੀ ਦੀਆਂ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਫੌਜ ਦੇ ਕੁਝ ਸੇਵਾ ਮੁਕਤ ਅਧਿਕਾਰੀ ਪਹਿਲਾਂ ਹੀ ਰਾਜ ਸਰਕਾਰ ਨੂੰ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਖੇਤਰਾਂ ਵਿੱਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਸ. ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਅੰਮ੍ਰਿਤਸਰ ਵਿਖੇ 100 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾ ਰਹੇ ਵਿਸ਼ਵ ਪੱਧਰੀ ਜੰਗੀ ਯਾਦਗਾਰ-ਕਮ-ਮਿਊਜ਼ੀਅਮ ਲਈ ਆਪਣਾ ਵਡਮੁੱਲਾ ਯੋਗਦਾਨ ਦੇਣ।
ਸ. ਬਾਦਲ ਨੇ ਜਨਰਲ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਮੁਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪਰੈਪਰੇਟਰੀ ਇੰਸਟੀਚਿਊਸ਼ਨਜ਼, ਰੋਪੜ ਅਤੇ ਮਲੋਟ ਵਿੱਚ ਦੋ ਐਨ.ਸੀ.ਸੀ. ਅਕੈਡਮੀਆਂ ਤੋਂ ਇਲਾਵਾ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਦਸ਼ਮੇਸ਼ ਅਕੈਡਮੀ ਦੀ ਪੁਨਰ ਸੁਰਜੀਤੀ ਲਈ ਠੋਸ ਕੋਸ਼ਿਸ਼ਾਂ ਕੀਤੀਆਂ ਹਨ ਤਾਂ ਜੋ ਰਾਜ ਦੇ ਨੌਜਵਾਨਾਂ ਨੂੰ ਹਥਿਆਰਬੰਦ ਫੌਜਾਂ ਵਿੱਚ ਭਰਤੀ ਹੋਣ ਲਈ ਅਨੁਸ਼ਾਸ਼ਤ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਕੀਤਾ ਜਾ ਸਕੇ। ਇਸ ਮੌਕੇ ਫੌਜ ਦੇ ਮੁਖੀ ਨੇ ਸ. ਬਾਦਲ ਨੂੰ ਰੋਪੜ ਵਿਖੇ ਐਸ. ਐਸ .ਸੀ. ਦੀ ਸਥਾਪਤੀ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਸਰਹੱਦੀ ਇਲਾਕਿਆਂ ਵਿੱਚ ਸੜਕਾਂ ਦੀ ਮੁਰੰਮਤ ਸਮੇਂ ਸਿਰ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪਰੈਪਰੇਟਰੀ ਇੰਸਟੀਚਿਊਸ਼ਨ ਦਾ ਦੌਰਾ ਕਰਨ ‘ਚ ਵੀ ਦਿਲਚਸਪੀ ਪ੍ਰਗਟਾਈ। ਮੁੱਖ ਮੰਤਰੀ ਦੇ ਮੀਡੀਆ ਅਤੇ ਰਾਸ਼ਟਰੀ ਮਾਮਲੇ ਸਲਾਹਕਾਰ ਸ਼੍ਰੀ ਹਰਚਰਨ ਬੈਂਸ ਅਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਕੇ. ਜੇ. ਐਸ. ਚੀਮਾ ਵੀ ਇਸ ਮੌਕੇ ਹਾਜ਼ਰ ਸਨ।
Indian News ਜਨਰਲ ਬਿਕਰਮ ਸਿੰਘ ਮੁੱਖ ਮੰਤਰੀ ਸ. ਬਾਦਲ ਨੂੰ ਮਿਲੇ